ਵਿਦੇਸ਼ ਡੈਸਕ: ਮੈਕਸੀਕੋ ਦੇ ਦੱਖਣੀ ਰਾਜ ਓਕਸਾਕਾ ਵਿੱਚ ਸ਼ੁੱਕਰਵਾਰ ਨੂੰ ਇੱਕ ਬੱਸ ਪਲਟ ਗਈ। ਇਸ ਹਾਦਸੇ ‘ਚ 3 ਬੱਚਿਆਂ ਅਤੇ 2 ਔਰਤਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ, ਜਦਕਿ 29 ਲੋਕ ਜ਼ਖਮੀ ਹੋ ਗਏ। ਸੀਐਨਐਨ ਦੀ ਰਿਪੋਰਟ ਮੁਤਾਬਕ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਪ੍ਰਵਾਸੀ ਸ਼ਾਮਲ ਹਨ। ਇਹ ਲੋਕ ਵੈਨੇਜ਼ੁਏਲਾ ਅਤੇ ਹੈਤੀ ਦੇ ਨਿਵਾਸੀ ਹਨ।ਓਕਸਾਕਾ ਸਟੇਟ ਸਿਵਲ ਪ੍ਰੋਟੈਕਸ਼ਨ ਏਜੰਸੀ ਨੇ ਹਾਦਸੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਮੁਤਾਬਕ ਇਹ ਹਾਦਸਾ ਓਕਸਾਕਾ-ਕੁਕੇਨੋਪਾਲਨ ਨੈਸ਼ਨਲ ਹਾਈਵੇਅ ‘ਤੇ ਵਾਪਰਿਆ। ਪਹਾੜੀ ਇਲਾਕੇ ਵਿੱਚ ਇੱਕ ਮੋੜ ’ਤੇ ਬੱਸ ਪਲਟ ਗਈ।ਬੱਸ ਵਿੱਚ ਕੁੱਲ 55 ਲੋਕ ਸਵਾਰ ਸਨ। ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਅਮਰੀਕਾ-ਮੈਕਸੀਕੋ ਸਰਹੱਦ ‘ਤੇ ਵੱਡੀ ਗਿਣਤੀ ‘ਚ ਪ੍ਰਵਾਸੀਆਂ ਦੇ ਆਉਣ ਦੌਰਾਨ ਇਹ ਹਾਦਸਾ ਵਾਪਰਿਆ। ਪ੍ਰਵਾਸੀ ਬੱਸਾਂ, ਟਰੱਕਾਂ ਅਤੇ ਮਾਲ ਗੱਡੀਆਂ ਵਿੱਚ ਲੁਕ ਕੇ ਮੈਕਸੀਕੋ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਸਫ਼ਰ ਅਕਸਰ ਖ਼ਤਰਨਾਕ ਹੁੰਦਾ ਹੈ। ਹਾਲਾਂਕਿ, ਇਹ ਪ੍ਰਵਾਸੀ ਅਜਿਹਾ ਕਰ ਰਹੇ ਸਨ ਜਾਂ ਨਹੀਂ, ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।
