ਸਟੇਟ ਡੈਸਕ: ਪੰਜਾਬ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਵਿਜੀਲੈਂਸ ਦੀ ਰਡਾਰ ‘ਤੇ ਹਨ। ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈਆਂ ਖ਼ਬਰਾਂ ਅਨੁਸਾਰ ਸ਼ੁਕਰਵਾਰ ਨੂੰ ਵਿਜੀਲੈਂਸ ਟੀਮ ਨੇ ਬੀਬੀ ਜਗੀਰ ਕੌਰ ਦੇ ਬੇਗੋਵਾਲ ਡੇਰੇ ‘ਤੇ ਛਾਪਾ ਮਾਰਿਆ ਅਤੇ ਕਰੀਬ ਦੋ ਘੰਟੇ ਤਕ ਪੁੱਛਗਿਛ ਕੀਤੀ ਅਤੇ ਜਾਂਚ ਕੀਤੀ। ਹਾਲਾਂਕਿ ਬੀਬੀ ਜਗੀਰ ਕੌਰ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ। ਇਸ ਸਬੰਧੀ ਉਨ੍ਹਾਂ ਨੇ ਇਨ੍ਹਾਂ ਖ਼ਬਰਾਂ ਨੂੰ ਫਰਜ਼ੀ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਤਕ ਕੋਈ ਵਿਜੀਲੈਂਸ ਅਧਿਕਾਰੀ ਉਨ੍ਹਾਂ ਦੇ ਘਰ ਨਹੀਂ ਆਇਆ ਹੈ। ਉਨ੍ਹਾਂ ਅਪੀਲ ਕੀਤੀ ਅਜਿਹੀਆਂ ਖ਼ਬਰਾਂ ਉਤੇ ਯਕੀਨ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਜੀਲੈਂਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਆਖਿਆ ” ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।ਬਹੁਤ ਸਾਰੇ ਚੈਨਲਾਂ ਵਾਲਿਆ ਦੇ ਅਤੇ ਅਖਬਾਰ ਵਾਲਿਆ ਦੇ ਮੈਨੂੰ ਟੈਲੀਫੋਨ ਆ ਰਹੇ ਹਨ ਕਿ ਅੱਜ ਜਿਹੜੀ ਖ਼ਬਰ ਨਿਰਅਧਾਰਤ ਅਤੇ ਬੇ ਬੁਨਿਆਦ ਫਲੈਸ਼ ਹੋਈ ਹੈ ਉਸ ਦੇ ਸੰਬੰਧ ਵਿੱਚ ਪੁੱਛ ਰਹੇ ਹਨ। ਮੈਨੂੰ ਬੜਾ ਅਫਸੋਸ ਹੈ ਕਿ ਕੁੱਝ ਪੱਤਰਕਾਰ ਇੰਨੀ ਘਟੀਆ ਪੱਤਰਕਾਰੀ ਤੇ ਉੱਤਰ ਜਾਂਦੇ ਹਨ। ਕਿ ਇਹੋ ਜਿਹੀਆਂ ਖਬਰਾਂ ਬਿਨਾ ਤੱਥਾ ਦੇ ਰੂਪ ਵਿੱਚ ਅਫਵਾਵਾਂ ਫਿਲਾ ਦਿੰਦੇ ਹਨ। ਕਿ ਸਾਰੇ ਮੀਡੀਏ ਵਿੱਚ ਹਲਚਲ ਪੈਦਾ ਹੋ ਜਾਂਦੀ ਹੈ। ਸਾਰੇ ਪੰਜਾਬ ਦੇ ਲੋਕ ਪ੍ਰੇਸ਼ਾਨ ਹੋ ਜਾਂਦੇ ਹਨ ਜਾ ਜਿਹੜੇ ਲੋਕ ਮੇਰੇ ਸ਼ੁੱਭਚਿੰਤਕ ਹੁੰਦੇ ਹਨ ਤਾਂ ਇਸ ਖਬਰ ਨਾਲ ਇਕ ਦਮ ਓਹਨਾ ਵਿੱਚ ਹਲਚਲ ਪੈਦਾ ਹੋ ਜਾਂਦੀ ਹੈ। ਖ਼ਬਰ ਜਿਹੜੀ ਝੂਠੀ ਫਲੈਸ਼ ਹੋਈ ਹੈ ਕਿ ਵਿਜੀਲੈਂਸ ਨੇ ਕੱਲ ਰੇਡ ਕੀਤਾ ਮੇਰੇ ਘਰ ਵਿੱਚ ਬਿਲਕੁਲ ਬੇ ਬੁਨਿਆਦ ਤੇ ਨਿਰਅਧਾਰਤ ਤੇ ਗਲਤ ਖ਼ਬਰ ਹੈ। ਨਾਂ ਕੋਈ ਵਿਜੀਲੈਂਸ ਦਾ ਕੋਈ ਅਧਿਕਾਰੀ ਮੈਨੂੰ ਮਿਲਣ ਆਇਆ ਨਾ ਕੋਈ ਏਥੇ ਰੇਡ ਹੋਈ।”
ਵਿਜੀਲੈਂਸ ਦੀ ਛਾਪੇਮਾਰੀ ਦਾ ਬੀਬੀ ਜਗੀਰ ਕੌਰ ਵੱਲੋਂ ਖ਼ਬਰਾਂ ਦਾ ਖੰਡਨ, ਆਖੀ ਇਹ ਗੱਲ
