ਸਟੇਟ ਡੈਸਕ: ਬੀਤੀ ਦੇਰ ਰਾਤ ਜਗਰਾਓ ਦੇ ਪਿੰਡ ਅਲੀਗੜ੍ਹ ਚੌਕ ਕੋਲ ਬਣੇ ਲੁਧਿਆਣਾ ਜਗਰਾਓਂ ਓਵਰਬ੍ਰਿਜ ਤੋਂ ਇਕ ਕਾਰ ਥੱਲੇ ਡਿੱਗ ਜਾਣ ਕਰ ਕੇ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਜਿੱਥੇ ਕਾਰ ਦੇ ਬੁਰੀ ਤਰ੍ਹਾਂ ਪਰਖੱਚੇ ਉੱਡ ਗਏ,ਉਥੇ ਹੀ ਕਾਰ ਵਿਚ ਸਵਾਰ ਪੰਜ ਨੌਜਵਾਨਾਂ ਵਿਚੋ ਇਕ 28 ਸਾਲ ਦੇ ਅੰਕਿਤ ਲੂਥਰਾ ਦੀ ਮੌਤ ਹੋ ਗਈ ਤੇ ਤਿੰਨ ਨੌਜਵਾਨ ਜ਼ਖਮੀ ਹੋ ਗਏ, ਜਦਕਿ ਇਕ ਨੌਜਵਾਨ ਦੀ ਹਾਲਤ ਠੀਕ ਹੈ। ਇਸ ਮੌਕੇ ਅੱਜ ਸਵੇਰੇ ਹਾਦਸੇ ਵਾਲੀ ਥਾਂ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕੀ ਦੇਰ ਰਾਤ ਇਹ ਹਾਦਸਾ ਵਾਪਰਿਆ ਹੈ,ਜਿਸ ਕਰਕੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਜ਼ਖਮੀ ਤਿੰਨ ਨੌਜਵਾਨਾਂ ਨੂੰ ਲੁਧਿਆਣਾ ਦੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਿਆ ਹੈ ਕਿ ਇਹ ਕਾਰ ਜਗਰਾਓ ਦੇ ਲਾਲ ਪੈਲੇਸ ਸਿਨੇਮਾ ਵਾਲਿਆਂ ਦੀ ਸੀ ਤੇ ਅਚਾਨਕ ਕਾਰ ਅੱਗੇ ਇਕ ਗਾਂ ਆ ਗਈ ,ਜਿਸ ਤੋਂ ਬਚਣ ਦੇ ਚੱਕਰ ਵਿਚ ਇਹ ਕਾਰ ਓਵਰਬ੍ਰਿਜ ਤੋ ਥੱਲੇ ਜਾ ਡਿੱਗੀ। ਜਿਸ ਕਰਕੇ ਇਹ ਹਾਦਸਾ ਹੋਇਆ। ਪੁਲਿਸ ਵੱਲੋਂ ਅਜੇ ਤੱਕ ਗੱਲ ਕਰਨ ਲਈ ਕੋਈ ਸਾਹਮਣੇ ਨਹੀਂ ਆਇਆ ਹੈ। ਪੁਲਿਸ ਇਸ ਹਾਦਸੇ ਦੀ ਜਾਂਚ ਸ਼ੁਰੂ ਕਰੇਗੀ ।
