ਨੈਸ਼ਨਲ ਡੈਸਕ: ਆਮ ਆਦਮੀ ਪਾਰਟੀ ਦਾ ਇੱਕ ਹੋਰ ਆਗੂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਰਾਡਾਰ ‘ਤੇ ਆ ਗਿਆ ਹੈ। ਮੰਗਲਵਾਰ ਨੂੰ ਈਡੀ ਨੇ ਦਿੱਲੀ ‘ਚ ‘ਆਪ’ ਨੇਤਾ ਅਤੇ ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ‘ਤੇ ਛਾਪਾ ਮਾਰਿਆ। ਜਾਂਚ ਟੀਮ ਇੱਥੇ ਤਲਾਸ਼ ਕਰ ਰਹੀ ਹੈ। ਈਡੀ ਨੇ ਦਿੱਲੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਅਤੇ ਕੇਂਦਰੀ ਜਾਂਚ ਬਿਊਰੋ ਦੁਆਰਾ ਦਰਜ ਦੋ ਐਫਆਈਆਰਜ਼ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕੀਤੀ ਹੈ। ਇਹ ਮਾਮਲੇ ਦਿੱਲੀ ਵਕਫ਼ ਬੋਰਡ ਵਿੱਚ ਭਰਤੀ ਵਿੱਚ ਬੇਨਿਯਮੀਆਂ ਨਾਲ ਸਬੰਧਤ ਹਨ। ਅਮਾਨਤੁੱਲਾ ਖਾਨ ਇਸ ਸਮੇਂ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ। ਭ੍ਰਿਸ਼ਟਾਚਾਰ ਰੋਕੂ ਬਿਊਰੋ (ਏਸੀਬੀ) ਨੇ ਦਿੱਲੀ ਵਕਫ਼ ਬੋਰਡ ਦੇ ਕੰਮਕਾਜ ਵਿੱਚ ਵਿੱਤੀ ਗਬਨ ਅਤੇ ਹੋਰ ਬੇਨਿਯਮੀਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਅਮਾਨਤੁੱਲਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਹੁਣ ਈਡੀ ਨੇ ਇਸ ਐਫਆਈਆਰ ਦੇ ਆਧਾਰ ‘ਤੇ ਅਮਾਨਤੁੱਲਾ ਖ਼ਿਲਾਫ਼ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
