ਵਿਦੇਸ਼ ਡੈਸਕ:ਭਾਰਤ ਨਾਲ ਚੱਲ ਰਹੇ ਕੂਟਨੀਤਕ ਵਿਵਾਦ ਦੇ ਵਿਚਕਾਰ ਕੈਨੇਡਾ ਦੀ ਸੈਨੇਟ ਦੇ ਸਪੀਕਰ ਰੇਮੰਡ ਗੈਗਨੇ ਨੇ ਬੀਤੇ ਦਿਨ ਨਵੀਂ ਦਿੱਲੀ ਵਿਖੇ ਸ਼ੁਰੂ ਹੋਏ ਜੀ-20 ਦੇਸ਼ਾਂ ਦੀਆਂ ਸੰਸਦਾਂ ਦੇ ਪ੍ਰੀਜ਼ਾਈਡਿੰਗ ਅਫਸਰਾਂ ਦੇ ਸੰਮੇਲਨ ’ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਗੈਗਨੇ ਨੇ ਇਸ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਪ੍ਰਧਾਨਗੀ ’ਚ ਸੰਸਦ-20 ਦੀ ਬੈਠਕ ’ਚ ਸ਼ਾਮਿਲ ਹੋਣ ਦੀ ਪੁਸ਼ਟੀ ਕੀਤੀ ਸੀ। ਸੰਸਦੀ ਸੂਤਰਾਂ ਨੇ ਦੱਸਿਆ ਕਿ ਕੈਨੇਡਾ ਦੇ ਸਪੀਕਰ ਸੰਮੇਲਨ ’ਚ ਹਿੱਸਾ ਨਹੀਂ ਲੈ ਰਹੇ ਹਨ। ਪ੍ਰੋਗਰਾਮ ’ਚ ਬਦਲਾਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬਿਰਲਾ ਨੇ ਕਿਹਾ ਸੀ ਕਿ ਉਹ 12 ਤੋਂ 14 ਅਕਤੂਬਰ ਤੱਕ ਹੋਣ ਵਾਲੇ ਪੀ-20 ਸਿਖਰ ਸੰਮੇਲਨ ਦੌਰਾਨ ਕੈਨੇਡੀਅਨ ਸੈਨੇਟ ਦੇ ਸਪੀਕਰ ਨਾਲ ਆਪਣੀ ਗੈਰ ਰਸਮੀ ਗੱਲਬਾਤ ’ਚ ’ਕਈ ਮੁੱਦੇ’ ਚੁੱਕਣਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਜੂਨ ’ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ’ਚ ਕੁੜੱਤਣ ਆਈ ਹੈ। ਭਾਰਤ ਨੇ ਇਸ ਇਲਜ਼ਾਮ ਨੂੰ ਬੇਤੁਕਾ ਦੱਸਦਿਆਂ ਰੱਦ ਕਰ ਦਿੱਤਾ ਸੀ। ਨਿੱਝਰ ਦੀ ਹੱਤਿਆ ਸਰੀ ਸ਼ਹਿਰ ਦੇ ਇੱਕ ਗੁਰਦੁਆਰਾ ਸਾਹਿਬ ਦੀ ਪਾਰਕਿੰਗ ’ਚ ਹੋਈ ਸੀ।
ਭਾਰਤ-ਕੈਨੇਡਾ ਤਲਖੀ ਵਿਚਾਲੇ ਕੈਨੇਡੀਅਨ ਸਪੀਕਰ ਦਾ ਵੱਡਾ ਫੈਸਲਾ, ਆਖੀ ਇਹ ਗੱਲ
