ਵਿਦੇਸ਼ ਡੈਸਕ: ਇਜ਼ਰਾਈਲ ਤੇ ਹਮਸ ਦਰਮਿਆਨ ਚੱਲ ਰਹੀ ਜੰਗ ਵਿੱਚ ਪੰਜ ਕੈਨੇਡੀਅਨਜ਼ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਫੈਡਰਲ ਸਰਕਾਰ ਨੇ ਐਤਵਾਰ ਨੂੰ ਆਖਿਆ ਕਿ ਲੈਬਨਾਨ ਵਿੱਚ ਮੌਜੂਦ ਕੈਨੇਡੀਅਨਜ਼ ਨੂੰ ਵੀ ਉੱਥੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਕੈਨੇਡਾ ਸਰਕਾਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਸ਼ਨਿੱਚਰਵਾਰ ਨੂੰ ਜਿੱਥੇ ਚਾਰ ਕੈਨੇਡੀਅਨਜ਼ ਦੇ ਮਾਰੇ ਜਾਣ ਦੀ ਖਬਰ ਸੀ ਹੁਣ ਉੱਥੇ ਐਤਵਾਰ ਨੂੰ ਇਹ ਗਿਣਤੀ ਵੱਧ ਕੇ ਪੰਜ ਹੋ ਗਈ ਹੈ। ਇਨ੍ਹਾਂ ਤੋਂ ਇਲਾਵਾ ਤਿੰਨ ਹੋਰਨਾਂ ਲਾਪਤਾ ਕੈਨੇਡੀਅਨਜ਼ ਦੀ ਵੀ ਭਾਲ ਕੀਤੀ ਜਾ ਰਹੀ ਹੈ। ਪਾਰਲੀਆਮੈਂਟ ਹਿੱਲ ਉੱਤੇ ਇਸ ਸਬੰਧ ਵਿੱਚ ਮੁਜ਼ਾਹਰੇ ਦੌਰਾਨ ਓਟਵਾ ਵਿੱਚ ਟੈਕਨੀਕਲ ਬ੍ਰੀਫਿੰਗ ਦਿੰਦਿਆਂ ਗਲੋਬਲ ਅਫੇਅਰਜ਼ ਕੈਨੇਡਾ ਦੀ ਅਸਿਸਟੈਂਟ ਡਿਪਟੀ ਮਨਿਸਟਰ ਫੌਰ ਕਾਊਂਸਲਰ ਸਕਿਊਰਿਟੀ ਐਂਡ ਐਮਰਜੰਸੀ ਮੈਨੇਜਮੈਂਟ ਜੂਲੀ ਨੇ ਇਹ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਅਸੀਂ ਲਾਪਤਾ ਕੈਨੇਡੀਅਨਜ਼ ਦਾ ਪਤਾ ਲਾਉਣ ਦੀ ਪੂਰੀ ਕੋਸਿ਼ਸ਼ ਕਰ ਰਹੇ ਹਾਂ ਤੇ ਉਨ੍ਹਾਂ ਨੂੰ ਲੱਭ ਕੇ ਕੈਨੇਡਾ ਲਿਆਉਣਾ ਚਾਹੁੰਦੇ ਹਾਂ।
