ਵਿਦੇਸ਼ ਡੈਸਕ। ਯਮਨ ਦੇ ਹੂਤੀ ਬਾਗੀਆਂ ਨੇ ਇਜ਼ਰਾਈਲ ਨਾਲ ਸਬੰਧਤ ਅਤੇ ਭਾਰਤ ਆ ਰਹੇ ਇਕ ਮਾਲਬਰਦਾਰ ਜਹਾਜ਼ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਜਹਾਜ਼ ’ਤੇ ਸਵਾਰ ਚਾਲਕ ਦਲ ਦੇ 25 ਮੈਂਬਰਾਂ ਨੂੰ ਬੰਧਕ ਬਣਾ ਲਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਇਸ ਘਟਨਾ ਨਾਲ ਇਜ਼ਰਾਈਲ-ਹਮਾਸ ਜੰਗ ਨੂੰ ਲੈ ਕੇ ਖੇਤਰੀ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ ਅਤੇ ਸਮੁੰਦਰੀ ਮੋਰਚੇ ’ਤੇ ਜੰਗ ਛਿੜਨ ਦੀ ਸੰਭਾਵਨਾ ਹੈ।ਈਰਾਨ-ਸਮਰਥਿਤ ਹੂਤੀ ਬਾਗੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਸਰਾਈਲ ਨਾਲ ਸਬੰਧਾਂ ਕਾਰਨ ਜਹਾਜ਼ ਨੂੰ ਅਪਣੇ ਕਬਜ਼ੇ ਵਿਚ ਲਿਆ ਹੈ ਅਤੇ ਗਾਜ਼ਾ ਦੇ ਹਮਾਸ ਸ਼ਾਸਕਾਂ ਵਿਰੁਧ ਇਜ਼ਰਾਈਲ ਦੀ ਮੁਹਿੰਮ ਦੇ ਅੰਤ ਤਕ ਕੌਮਾਂਤਰੀ ਪਾਣੀਆਂ ਵਿਚ ਇਜ਼ਰਾਈਲੀਆਂ ਨਾਲ ਸਬੰਧਤ ਜਾਂ ਮਾਲਕੀ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਰਹਿਣਗੇ। ਹੂਤੀਆਂ ਨੇ ਕਿਹਾ, ‘‘ਇਜ਼ਰਾਈਲ ਨਾਲ ਸਬੰਧਤ ਜਾਂ ਇਸ ਨਾਲ ਜੁੜੇ ਸਾਰੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।’
ਹੂਤੀ ਦੇ ਮੁੱਖ ਬੁਲਾਰੇ ਮੁਹੰਮਦ ਅਬਦੁਲ-ਸਲਾਮ ਨੇ ਬਾਅਦ ਵਿਚ ਇਕ ਆਨਲਾਈਨ ਬਿਆਨ ’ਚ ਕਿਹਾ ਕਿ ਇਜ਼ਰਾਈਲੀ ਸਿਰਫ ‘ਬਲ ਦੀ ਭਾਸ਼ਾ’ ਨੂੰ ਸਮਝਦੇ ਹਨ। ਉਨ੍ਹਾਂ ਕਿਹਾ, ‘‘ਇਸਰਾਈਲੀ ਜਹਾਜ਼ ਨੂੰ ਫੜਨਾ ਇਕ ਵਿਹਾਰਕ ਕਦਮ ਹੈ ਜੋ ਕਿ ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾਂ, ਸਮੁੰਦਰੀ ਜੰਗ ਲੜਨ ਵਿਚ ਯਮਨ ਦੀ ਹਥਿਆਰਬੰਦ ਸੈਨਾਵਾਂ ਦੀ ਗੰਭੀਰਤਾ ਨੂੰ ਸਾਬਤ ਕਰਦਾ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਇਹ ਸਿਰਫ਼ ਸ਼ੁਰੂਆਤ ਹੈ।’’