August 12, 2022
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ,ਜਲੰਧਰ/ਫਗਵਾੜਾ: ਫਗਵਾੜਾ ਸ਼ੂਗਰ ਮਿੱਲ ਅੱਗੇ ਹਾਈਵੇ ਜਾਮ ਕਰ ਕੇ ਧਰਨੇ ਉੱਤੇ ਬੈਠੇ ਕਿਸਾਨਾਂ ਨੇ ਅੱਜ ਲਿੰਕ ਰੋਡ ਵੀ ਬੰਦ ਕਰ ਦਿੱਤੇ ਹਨ। ਲੁਧਿਆਣੇ ਤੋਂ ਜਲੰਧਰ ਆਉਣ-ਜਾਣ ਲਈ ਫਗਵਾੜਾ ਸ਼ੂਗਰ ਮਿੱਲ ਅੱਜੇ ਜੀਟੀ ਰੋਡ ਪੂਰੀ ਤਰ੍ਹਾਂ ਨਾਲ ਬੰਦ ਹੈ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਹੋਰਨਾਂ ਜਥੇਬੰਦੀਆਂ ਨੇ ਵੀ ਫਗਵਾੜਾ ਦੇ ਸ਼ੂਗਰ ਮਿੱਲ ਨੇੜਲੇ ਹਾਈਵੇ ਨੂੰ ਬੰਦ ਕਰਨ ਤੋਂ ਇਲਾਵਾ ਹੋਰਨਾਂ ਮਾਰਗਾਂ ਨੂੰ ਵੀ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਕਿਸਾਨਾਂ ਨੇ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਰਸਤਾ ਦਿੱਤਾ ਸੀ ਪਰ ਉਨਾਂ ਨੇ ਨਾਲ ਹੀ ਇਹ ਵੀ ਐਲਾਨ ਕੀਤਾ ਸੀ ਕਿ ਅੱਜ ਉਹ ਪੂਰਾ ਮਾਰਗ ਬੰਦ ਰੱਖਣਗੇ। ਇਸ ਦੌਰਾਨ ਕਿਸਾਨ ਰਾਸ਼ਨ ਪਾਣੀ ਲੈ ਕੇ ਪੂਰੀ ਤਿਆਰੀ ਨਾਲ ਲੰਬੇ ਸੰਘਰਸ਼ ਲਈ ਬੈਠੇ ਹੋਏ ਹਨ।
ਜ਼ਿਕਰਯੋਗ ਹੈ ਕਿ ਗੰਨੇ ਦੀ ਬਕਾਇਆ ਅਦਾਇਗੀ ਲਈ ਕਿਸਾਨ ਉਕਤ ਸ਼ੂਗਰ ਮਿੱਲ਼ ਖਿਲਾਫ ਧਰਨੇ ਉੱਤੇ ਬੈਠੇ ਹਨ। ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦਾ ਕਹਿਣਾ ਹੈ ਕਿ ਫਗਵਾੜਾ ਸ਼ੂਗਰ ਮਿੱਲ ਕੋਲ ਕਿਸਾਨਾਂ ਦੇ ਗੰਨੇ ਦੇ 72 ਕਰੋੜ ਰੁਪਏ ਫਸੇ ਹੋਏ ਹਨ। ਮਿੱਲ ਮਾਲਕ ਖੁਦ ਲਾਪਤਾ ਹੈ ਅਤੇ ਸਰਕਾਰ ਉਸ ਦੀ ਗੱਲ ਨਹੀਂ ਸੁਣ ਰਹੀ। ਉਹ ਵਾਰ-ਵਾਰ ਮੀਟਿੰਗਾਂ ਕਰਕੇ ਭਰੋਸਾ ਦਿੰਦੇ ਹਨ ਪਰ ਕੋਈ ਨਤੀਜਾ ਨਹੀਂ ਨਿਕਲਿਆ। ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਸਰਕਾਰ ਅੱਗੇ ਮੰਗ ਰੱਖੀ ਸੀ ਕਿ ਮਿੱਲ ਦੀ ਕੁਰਕੀ ਕਰਕੇ ਕਿਸਾਨਾਂ ਦੀ ਬਕਾਇਆ ਅਦਾਇਗੀ ਕੀਤੀ ਜਾਵੇ। ਮੀਟਿੰਗ ਵਿੱਚ ਸਰਕਾਰ ਨੇ ਸਹਿਮਤੀ ਜਤਾਈ ਪਰ ਬਾਅਦ ਵਿੱਚ ਪਿੱਛੇ ਹਟ ਗਈ।
Big news Farmers blocked the Ludhiana Jalandhar highway in front of Phagwara Sugar Mill police administration diverted the route