December 12, 2022
LPTV / Chandigarh
ਦਿੜ੍ਹਬਾ : ਪੰਜਾਬ ਦੇ ਵਿੱਤ, ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਖੇਤੀ ਵਿਭਿੰਨਤਾ ਅਪਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਿਥੇ ਪੰਜਾਬ ਸਰਕਾਰ ਸਰਗਰਮ ਹੈ ਉਥੇ ਕਿਸਾਨਾਂ ਨੂੰ ਵੀ ਮੋਹਰੀ ਭੂਮਿਕਾ ਨਿਭਾਉਣ ਦੀ ਲੋੜ ਹੈ। ਦਿੜ੍ਹਬਾ ਦੇ ਪਿੰਡ ਰੋਗਲਾ ਦੇ ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਵੱਲੋਂ ਇੱਕ ਏਕੜ ਵਿੱਚ ਲਗਾਏ ਗਏ ਡ੍ਰੈਗਨ ਫਰੂਟ ਦੇ ਬਾਗ਼ ਦਾ ਦੌਰਾ ਕਰਦਿਆਂ ਕੈਬਨਿਟ ਮੰਤਰੀ ਨੇ ਉਸ ਦੇ ਉਦਮ ਦੀ ਸ਼ਲਾਘਾ ਕੀਤੀ। ਚੀਮਾ ਨੇ ਕਿਹਾ ਕਿ ਕਿਸਾਨਾਂ ਨੂੰ ਬਾਗ਼ਬਾਨੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਫ਼ਲਾਂ ਦੇ ਬਾਗ਼ ਵੀ ਲਗਾਉਣੇ ਚਾਹੀਦੇ ਹਨ ਕਿਉਂਕਿ ਫ਼ਲਾਂ ਦੇ ਬੂਟੇ ਲਾਉਣ, ਬਾਗ਼ ਮਸ਼ੀਨਰੀ, ਸਾਂਭ ਸੰਭਾਲ ਲਈ ਵੀ ਸਬਸਿਡੀ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮਿਹਨਤੀ ਅਤੇ ਹਿੰਮਤੀ ਕਿਸਾਨਾਂ ਨੇ ਦੁਨੀਆਂ ਭਰ ਵਿੱਚ ਆਪਣੀਆਂ ਮਿਸਾਲਾਂ ਕਾਇਮ ਕੀਤੀਆਂ ਹਨ ਅਤੇ ਬਲਵਿੰਦਰ ਸਿੰਘ ਜਿਹੇ ਸਿਰੜੀ ਕਿਸਾਨ ਹੋਰਨਾਂ ਲਈ ਰਾਹ ਦਸੇਰਾ ਸਾਬਤ ਹੋਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਤਜਰਬੇ ਦੇ ਤੌਰ ‘ਤੇ ਡਰੈਗਨ ਫਰੂਟ ਲਗਾਉਣ ਵਾਲੇ ਇਸ ਕਿਸਾਨ ਲਈ ਇਹ ਪੁਲਾਂਘ ਆਉਣ ਵਾਲੇ ਸਮੇਂ ਵਿੱਚ ਆਰਥਿਕ ਮਜ਼ਬੂਤੀ ਦੇ ਨਵੇਂ ਰਾਹ ਖੋਲ੍ਹੇਗੀ ਕਿਉਂ ਕਿ ਡਰੈਗਨ ਫਰੂਟ ਨੂੰ ਪੋਸ਼ਕ ਤੱਤਾਂ ਨਾਲ ਭਰਪੂਰ ਫ਼ਲਾਂ ਦੀ ਮੋਹਰੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਚੀਮਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਏਨੀ ਉਪਜਾਊ ਹੈ ਕਿ ਇਥੇ ਸਾਡੇ ਕਿਸਾਨ ਵੀਰ ਆਪਣੀ ਮਿਹਨਤ ਤੇ ਲਗਨ ਨਾਲ ਨਵੀਆਂ ਪੈੜਾਂ ਪਾ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਵੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਅਮਰੂਦ, ਆੜੂ, ਨਾਸ਼ਪਤੀ ਅਤੇ ਬੇਰ ਦੇ ਬਾਗ਼ ਲਗਾਉਣ ਵਿੱਚ ਵੀ ਕਿਸਾਨਾਂ ਨੇ ਕਾਫੀ ਦਿਲਚਸਪੀ ਦਿਖਾਈ ਹੈ ਅਤੇ ਹੁਣ ਇਹ ਕਿਸਾਨ ਹੋਰਨਾਂ ਲਈ ਪ੍ਰੇਰਨਾਸ੍ਰੋਤ ਬਣ ਰਹੇ ਹਨ।
ਕੈਬਨਿਟ ਮੰਤਰੀ ਦੇ ਦੌਰੇ ਤੋਂ ਪ੍ਰਭਾਵਿਤ ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਉਸਨੇ ਪਿਛਲੇ ਸਾਲ ਹੀ ਡਰੈਗਨ ਫਰੂਟ ਦਾ ਬਾਗ਼ ਲਗਾਇਆ ਸੀ ਅਤੇ ਇਸ ਵਾਰ ਹੋਈ ਭਰਪੂਰ ਪੈਦਾਵਾਰ ਨੇ ਉਸ ਨੂੰ ਕਾਫੀ ਉਤਸ਼ਾਹਿਤ ਕੀਤਾ ਹੈ। ਇਸ ਮੌਕੇ ਕੈਬਨਿਟ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਵੀ ਮੌਜੂਦ ਸਨ।
Speaking during the visit to the Dragon Fruit Garden Cheema said Sirdi farmers have set examples through hard work