February 19, 2024
raghuvanshi /
ਸਟੇਟ ਡੈਸਕ: ਕਿਸਾਨ ਅੰਦੋਲਨ ਦੌਰਾਨ ਤੀਜੇ ਕਿਸਾਨ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡ ਬਠੋਈ ਕਲਾਂ ਦੇ ਕਿਸਾਨ ਨਰਿੰਦਰ ਪਾਲ ਦੀ ਮੌਤ ਹੋ ਗਈ ਹੈ। ਉਕਤ ਕਿਸਾਨ ਦੀ ਕੱਲ ਸ਼ਾਮ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਘਰ ਅੱਗੇ ਲੱਗੇ ਮੋਰਚੇ ਤੋਂ ਘਰ ਵਾਪਸ ਪਰਤਦਿਆਂ ਅਚਾਨਕ ਸਿਹਤ ਵਿਗੜ ਗਈ ਸੀ, ਉਸ ਤੋਂ ਬਾਅਦ ਇਲਾਜ ਲਈ ਜਦੋਂ ਉਸ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਲਿਆਂਦਾ ਗਿਆ ਤਾਂ ਰਾਤ ਨੂੰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਨਰਿੰਦਰਪਾਲ ਦੀ ਲਾਸ਼ ਲੈਣ ਪਹੁੰਚੇ ਸੋਨੂੰ ਨੇ ਦੱਸਿਆ ਕਿ ਕਿਸਾਨ ਯੂਨੀਅਨ ਦੇ ਆਗੂ ਪਹੁੰਚ ਰਹੇ ਹਨ, ਜਿਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਨਰਿੰਦਰਪਾਲ ਪਟਿਆਲਾ ਨੇੜਲੇ ਪਿੰਡ ਬਠੋਈ ਦਾ ਰਹਿਣ ਵਾਲਾ ਸੀ, ਜਿਸ ਕੋਲ ਪੰਜ ਕਿੱਲੇ ਜ਼ਮੀਨ ਸੀ। ਪਰਿਵਾਰ ਵਿਚ ਉਸ ਦੇ ਤਿੰਨ ਬੱਚੇ ਹਨ, ਦੋ ਧੀਆਂ ਅਤੇ ਇੱਕ ਪੁੱਤਰ। ਵੱਡੀ ਧੀ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਜਦਕਿ ਛੋਟੀ ਧੀ ਦੀ ਉਮਰ ਵੀਹ ਸਾਲ ਹੈ, ਪੁੱਤਰ 17 ਸਾਲ ਦਾ ਹੈ। ਇਹ ਦੋਵੇਂ ਬੱਚੇ ਇਸ ਸਮੇਂ ਪੜ੍ਹਾਈ ਕਰ ਰਹੇ ਹਨ।ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਵਿਚ ਨਰਿੰਦਰ ਪਾਲ ਸਿੰਘ ਵੀ 2 ਦਿਨਾਂ ਤੋਂ ਸ਼ਾਮਲ ਸੀ। ਐਤਵਾਰ ਰਾਤ ਕਰੀਬ 9 ਵਜੇ ਉਸ ਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ ਅਤੇ ਇਸ ਲਈ ਉਹ ਘਰ ਜਾ ਰਿਹਾ ਹੈ। ਜਿਸ ਤੋਂ ਬਾਅਦ ਉਸ ਦੇ ਦੋਸਤ ਨਰਿੰਦਰਪਾਲ ਨੂੰ ਘਰ ਛੱਡਣ ਜਾ ਰਹੇ ਸਨ ਪਰ ਰਸਤੇ ਵਿਚ ਉਲਟੀਆਂ ਆਉਣ ਕਾਰਨ ਨਰਿੰਦਰਪਾਲ ਨੂੰ ਪਟਿਆਲਾ ਰਜਿੰਦਰਾ ਹਸਪਤਾਲ ਲਿਜਾਣਾ ਪਿਆ। ਜਿੱਥੇ ਉਸ ਦੀ ਮੌਤ ਹੋ ਗਈ।
Live punjabi tv