December 25, 2021
LPTV / Chandigarh
ਅਗਲੇ ਸਾਲ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿੰਨ੍ਹਾਂ ਨੂੰ ਲੈ ਕੇ ਸੂਬੇ ‘ਚ ਸਿਆਸਤ ਵੀ ਭੱਖਦੀ ਜਾ ਰਹੀ ਹੈ। ਇਸ ਦੌਰਾਨ ਪਾਰਟੀਆਂ ਵਿਚਕਾਰ ਜੋੜ-ਤੋੜ ਅਤੇ ਆਉਣ-ਜਾਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।
ਉੱਥੇ ਹੀ ਪਿਛਲੇ ਇੱਕ ਸਾਲ ਤੋਂ ਲਗਾਤਾਰ ਸੁਰਖੀਆਂ ਦਾ ਵਿਸ਼ਾ ਰਹੇ ਕਿਸਾਨ ਆਗੂਆਂ ਨੂੰ ਲੈ ਕੇ ਵੀ ਕਈ ਕਿਆਸ ਲਗਾਏ ਜਾ ਰਹੇ ਨੇ ਕਿ ਕਿਸਾਨ ਵੀ ਇੰਨ੍ਹਾਂ ਚੋਣਾਂ ‘ਚ ਉੱਤਰ ਸਕਦੇ ਨੇ ਪਰ ਹੁਣ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿਸਾਨ ਜਥੇਬੰਦੀਆਂ ਦੇ ਕੁੱਦਣ ਨੂੰ ਲੈਕੇ ਚੱਲ ਰਹੀ ਚਰਚਾ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਸਪੱਸ਼ਟ ਕੀਤਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਅਸੈੰਬਲੀ ਚੋਣਾਂ ਨਹੀ ਲੜ ਰਿਹਾ। ਇਸਦੀ ਜਾਣਕਾਰੀ ਮੋਰਚੇ ਦੀ 9 ਮੈਂਬਰੀ ਤਾਲਮੇਲ ਕਮੇਟੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ, ਡਾ ਦਰਸ਼ਨਪਾਲ ਨੇ ਸਾਂਝੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇਸ਼ ਭਰ ਦੀਆਂ 400 ਤੋਂ ਵੱਧ ਵੱਖ ਵੱਖ ਵਿਚਾਰਧਾਰਾ ਦੀਆਂ ਜਥੇਬੰਦੀਆਂ ਦਾ ਸਿਰਫ ਕਿਸਾਨੀ ਮੁੱਦਿਆਂ ਤੇ ਬਣਿਆ ਇੱਕ ਧੜਾ ਹੈ । ਜਿਸ ਵਲੋਂ ਨਾ ਤਾਂ ਚੋਣਾ ਦਾ ਬਾਈਕਾਟ ਕਰਨ ਦਾ ਸੱਦਾ ਹੈ ਅਤੇ ਨਾ ਹੀ ਚੋਣਾਂ ਲੜਨ ਦੀ ਕੋਈ ਸਮਝ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਤਾਕਤ ਨਾਲ ਸਰਕਾਰ ਤੋ ਆਪਣੇ ਹੱਕ ਲੈਣ ਲਈ ਬਣਿਆ ਹੈ ਅਤੇ ਤਿੰਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਸੰਘਰਸ਼ ਨੂੰ ਮੁਲਤਵੀ ਕੀਤਾ ਗਿਆ ਹੈ, ਬਾਕੀ ਬੱਚਦੀਆਂ ਮੰਗਾਂ ਦੇ ਸੰਘਰਸ਼ ਬਾਰੇ 15 ਜਨਵਰੀ ਦੀ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ ।
A big statement of the United Kisan Morcha about contesting the Punjab Vidhan Sabha elections