ਜਸਟਿਸ ਭੂਸ਼ਣ ਰਾਮਕ੍ਰਿਸ਼ਨ ਗਵਈ ਅੱਜ ਭਾਰਤ ਦੇ ਚੀਫ਼ ਜਸਟਿਸ ਵਜੋਂ ਸੰਭਾਲਣਗੇ ਅਹੁਦਾ    ਪੰਜਾਬ ਸਰਕਾਰ ਵਲੋਂ 2 ਆਈਪੀਐਸ ਅਫਸਰਾਂ ਦੇ ਤਬਾਦਲੇ    ਪੁੰਛ 'ਚ ਹ.ਮ.ਲੇ ਦੌਰਾਨ ਮਾਰੇ ਗਏ 4 ਸਿੱਖਾਂ ਦੇ ਪਰਿਵਾਰਾਂ ਨੂੰ SGPC ਦੇਵੇਗੀ 5-5 ਲੱਖ ਰੁਪਏ    PSEB Result: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨਿਆ ਜਾਵੇਗਾ 12ਵੀਂ ਜਮਾਤ ਦਾ ਨਤੀਜਾ    ਅੰਮ੍ਰਿਤਸਰ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 10 ਲੋਕਾਂ ਦੀ ਮੌਤ    ਇੰਡੀਗੋ ਨੇ ਜੰਮੂ, ਅੰਮ੍ਰਿਤਸਰ ਅਤੇ ਚੰਡੀਗੜ੍ਹ ਲਈ ਆਪਣੀਆਂ ਉਡਾਣਾਂ ਕੀਤੀਆਂ ਰੱਦ    IPL 2025: ਆਈਪੀਐਲ ਦੇ ਬਾਕੀ ਬਚੇ ਮੈਚਾਂ ਦਾ ਸ਼ਡਿਊਲ ਜਾਰੀ    ਭਾਰਤ ਦੇ ਵਿਰੁੱਧ ਕਾਗਜ਼ੀ ਸਾਬਤ ਹੋਇਆ ਪਾ.ਕਿ.ਸ.ਤਾ.ਨ ਦਾ ਹਵਾਈ ਰੱਖਿਆ ਸਿਸਟਮ    ਦੋ ਦੇਸ਼ਾਂ 'ਚ ਤਣਾਅ ਵਿਚਾਲੇ ਜਲੰਧਰ 'ਚ ਪਟਾਕੇ ਚਲਾਉਣ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ ਸਖ਼ਤੀ    ਪੰਜਾਬ 'ਚ ਇੱਕ ਵਾਰ ਫਿਰ ਬਦਲਿਆ ਮੌਸਮ, ਮੀਂਹ ਪੈਣ ਦੀ ਸੰਭਾਵਨਾ   
ਇਤਿਹਾਸ ਦੀ ਮਹਾਨ ਹਸਤੀ ਸ਼ਹੀਦ ਭਾਈ ਮਨੀ ਸਿੰਘ ਜੀ
October 29, 2024
The-Great-Figure-Of-History-Shah

Admin / Article

ਭਾਈ ਮਨੀ ਸਿੰਘ ਜੀ ਸਿੱਖ ਇਤਿਹਾਸ ਦੀ ਮਹਾਨ ਹਸਤੀ ਸਨ। ਆਪ ਦਾ ਜਨਮ 10 ਮਾਰਚ 1644 ਈ: ਚੇਤਰ ਸੁਦੀ 12, ਸੰਮਤ 1701 ਬਿਕਰਮੀ ਨੂੰ ਭਾਈ ਮਾਈ ਦਾਸ ਦੇ ਘਰ ਹੋਇਆ ਸੀ। ਜਦੋਂ ਆਪ 15 ਸਾਲ ਦੇ ਹੋਏ ਤਾਂ ਆਪ ਦਾ ਵਿਆਹ ਭਾਈ ਲੱਖੀ ਰਾਏ ਦੀ ਸਪੁੱਤਰੀ ਬੀਬੀ ਸੀਤੋ ਬਾਈ ਨਾਲ ਹੋਇਆ ਜਿਨ੍ਹਾਂ ਨੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸਮੇਂ ਧੜ ਦਾ ਸਸਕਾਰ ਆਪਣੇ ਘਰ ਲਿਜਾ ਕੇ ਕੀਤਾ। ਭਾਈ ਮਨੀ ਸਿੰਘ ਗੁਰੂ ਹਰਿਰਾਏ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਦੀ ਸੇਵਾ ’ਚ ਰਹੇ। ਫਿਰ ਗੁਰੂ ਸਾਹਿਬ ਦੇ ਦਿੱਲੀ ਵਿਖੇ ਜੋਤੀ-ਜੋਤਿ ਸਮਾ ਜਾਣ ਤੋਂ ਬਾਅਦ ਗੁਰੂ ਤੇਗ਼ ਬਹਾਦਰ ਜੀ ਦੀ ਸੇਵਾ ’ਚ ਬਕਾਲੇ ਆ ਗਏ। ਜਦੋਂ ਗੁਰੂ ਜੀ ਪੂਰਬ ਦੇ ਇਲਾਕਿਆਂ ’ਚ ਧਰਮ ਪ੍ਰਚਾਰ ਕਰ ਕੇ ਵਾਪਸ ਆਨੰਦਪੁਰ ਸਾਹਿਬ ਪੁੱਜੇ ਤਾਂ ਭਾਈ ਮਨੀ ਸਿੰਘ ਜੀ ਵੀ ਉੱਥੇ ਆ ਗਏ। ਇੱਥੇ ਰਹਿ ਕੇ ਭਾਈ ਸਾਹਿਬ ਨੇ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਤੇ ਕਰਵਾਉਣ ਦੀ ਮਹਾਨ ਸੇਵਾ ਸੰਭਾਲੀ।


ਜਦ ਗੁਰੂ ਤੇਗ਼ ਬਹਾਦਰ ਜੀ ਸ਼ਹੀਦੀ ਪ੍ਰਾਪਤ ਕਰਨ ਲਈ ਦਿੱਲੀ ਗਏ ਤਾਂ ਭਾਈ ਮਨੀ ਸਿੰਘ ਜੀ ਦੀ ਸੇਵਾ ਗੁਰੂ ਗੋਬਿੰਦ ਸਿੰਘ ਜੀ ਕੋਲ ਠਹਿਰਨ ਦੀ ਲੱਗੀ। ਸੰਨ 1688 ਈ: ਵਿਚ ਭੰਗਾਣੀ ਦਾ ਯੁੱਧ ਹੋਇਆ। ਇਸ ਯੁੱਧ ਵਿਚ ਭਾਈ ਮਨੀ ਸਿੰਘ ਜੀ ਨੇ ਬਾਕੀ ਗੁਰਸਿੱਖਾਂ ਨਾਲ ਰਲ ਕੇ ਸੂਰਮਗਤੀ ਦੇ ਜੌਹਰ ਦਿਖਾਏ। ਇਸੇ ਜੰਗ ਵਿਚ ਆਪ ਦੇ ਭਰਾ ਭਾਈ ਹਰੀ ਚੰਦ ਸ਼ਹੀਦੀ ਪਾ ਗਏ। ਸੰਨ 1690 ਈ: ਨੂੰ ਨਦੌਣ ਦੀ ਜੰਗ ਵਿਚ ਆਪ ਦੀ ਬਹਾਦਰੀ ਤੇ ਗੁਰੂ ਸਿਦਕ ਨੂੰ ਦੇਖ ਕੇ ਗੁਰੂ ਪਾਤਸ਼ਾਹ ਨੇ ਆਪ ਜੀ ਨੂੰ ‘ਦੀਵਾਨ’ ਦੀ ਉਪਾਧੀ ਬਖ਼ਸ਼ੀ। ਜਦੋਂ ਸੰਨ 1699 ਈ: ਨੂੰ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖ਼ਾਲਸਾ ਸਾਜਿਆ ਤਾਂ ਭਾਈ ਮਨੀ ਸਿੰਘ ਜੀ ਨੇ ਆਪਣੇ ਭਰਾਵਾਂ ਦੇ ਸਪੁੱਤਰਾਂ ਸਮੇਤ ਖੰਡੇ-ਬਾਟੇ ਦੀ ਪਾਹੁਲ ਛਕੀ ਤਾਂ ਆਪ ਦਾ ਨਾਂ ‘ਮਨੀਏ’ ਤੋਂ ‘ਮਨੀ ਸਿੰਘ’ ਹੋਇਆ। ਭਾਈ ਸਾਹਿਬ ਆਨੰਦਪੁਰ ਸਾਹਿਬ ਵਿਖੇ ਸੰਗਤਾਂ ਨੂੰ ਹਰ ਰੋਜ਼ ਗੁਰਬਾਣੀ ਦੀ ਕਥਾ ਸੁਣਾਇਆ ਕਰਦੇ ਸਨ। ਅੰਮ੍ਰਿਤਸਰ ਦੇ ਸਿੱਖਾਂ ਵੱਲੋਂ ਬੇਨਤੀ ਕਰਨ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਪੰਜ ਸਿੱਖਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਸੇਵਾ-ਸੰਭਾਲ ਲਈ ਸੇਵਾਦਾਰ ਨਿਯੁਕਤ ਕਰ ਕੇ ਭੇਜਿਆ। ਅੰਮ੍ਰਿਤ ਪ੍ਰਚਾਰ ਦੀ ਲਹਿਰ ਵਿਚ ਵਾਧਾ ਕਰ ਕੇ ਸਿੱਖੀ ਦਾ ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ। ਆਨੰਦਪੁਰ ਸਾਹਿਬ ਦੀ ਪਹਿਲੀ ਜੰਗ ਜਿਸ ਵਿਚ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਪਿਆ ਕੇ ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਭੇਜਿਆ। ਭਾਈ ਮਨੀ ਸਿੰਘ ਦੇ ਸਪੁੱਤਰਾਂ ਭਾਈ ਬਚਿੱਤਰ ਸਿੰਘ ਤੇ ਭਾਈ ਉਦੇ ਸਿੰਘ ਨੇ ਮੁਕਾਬਲਾ ਕੀਤਾ ਸੀ। ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਣ ਵਾਲੇ ਸਿੰਘਾਂ ਵਿਚ ਭਾਈ ਸਾਹਿਬ ਦੇ ਪੰਜ ਪੁੱਤਰ ਸ਼ਾਮਲ ਸਨ। ਸੰਮਤ 1761 ਬਿਕਰਮੀ ਸੰਨ 1704 ਈ: ਵਿਚ ਜਦ ਗੁਰੂ ਸਾਹਿਬ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਭਾਈ ਮਨੀ ਸਿੰਘ ਜੀ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰੀ ਜੀ ਨੂੰ ਲੈ ਕੇ ਦਿੱਲੀ ਪਹੁੰਚੇ ਤੇ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਰਹੇ। ਸੰਮਤ 1762-63 ਬਿਕਰਮੀ ਸੰਨ 1705-06 ਈ: ਵਿਚ ਭਾਈ ਮਨੀ ਸਿੰਘ ਜੀ, ਮਾਤਾ ਸਾਹਿਬ ਕੌਰ ਜੀ ਨਾਲ ਦਮਦਮਾ ਸਾਹਿਬ ਪੁੱਜੇ। ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ‘ਦਮਦਮੀ ਬੀੜ’ ਲਿਖਵਾਈ। ਇਸ ਗ੍ਰੰਥ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਦਰਜ ਕਰਵਾਈ। ਇਸੇ ਬੀੜ ਨੂੰ ਮਗਰੋਂ ਨਾਂਦੇੜ (ਹਜ਼ੂਰ ਸਾਹਿਬ) ਵਿਖੇ ਗੁਰਗੱਦੀ ਪ੍ਰਦਾਨ ਕੀਤੀ ਗਈ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਪਿੱਛੋਂ ਜਦੋਂ ਸਿੱਖਾਂ ’ਚ ਤੱਤ ਖ਼ਾਲਸਾ ਤੇ ਬੰਦਈ ਖ਼ਾਲਸਾ ’ਚ ਮਤਭੇਦ ਹੋ ਗਏ ਤਾਂ ਝਗੜਾ ਨਿਬੇੜਨ ਲਈ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਭੇਜਿਆ। ਜਦੋਂ ਉਹ ਅੰਮ੍ਰਿਤਸਰ ਆਏ ਤਾਂ ਦੋਹਾਂ ਧੜਿਆਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਆਪ ਜੀ ਦੇ ਸੰਭਾਲਣ ’ਤੇ ਹੀ ਝਗੜਾ ਨਿੱਬੜ ਸਕਦਾ ਹੈ। ਸੋ ਸੰਨ 1721 ਈ: ਸੰਮਤ 1778 ਬਿਕਰਮੀ ਵਿਚ ਆਪ ਜੀ ਨੂੰ ਸ੍ਰ੍ਰੀ ਹਰਿਮੰਦਰ ਸਾਹਿਬ ਜੀ ਦਾ ਗ੍ਰੰਥੀ ਥਾਪਿਆ।


ਇਹ ਸੇਵਾ ਕਰਦਿਆਂ ਭਾਈ ਮਨੀ ਸਿੰਘ ਨੇ ‘ਗਿਆਨ ਰਤਨਾਵਲੀ’ ਤੇ ‘ਭਗਤ ਰਤਨਾਵਲੀ’ ਪੁਸਤਕਾਂ ਦੀ ਰਚਨਾ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਹੱਥ ਲਿਖਤ ਬੀੜ ਵੀ ਤਿਆਰ ਕੀਤੀ। ਭਾਈ ਮਨੀ ਸਿੰਘ ਦਾ ਸਾਰਾ ਪਰਿਵਾਰ 11 ਭਰਾ, 10 ਪੁੱਤਰਾਂ ਵਿੱਚੋਂ 7 ਪੁੱਤਰ ਤੇ ਕਈ ਪੋਤਰੇ ਸਿੱਖੀ ਸਿਦਕ ਨੂੰ ਨਿਭਾਉਂਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਅਠਾਰਵੀਂ ਸਦੀ ਦੇ ਆਰੰਭ ਵਿਚ ਇਕ ਪਾਸੇ ਸਿੱਖਾਂ ’ਤੇ ਅੱਤਿਆਚਾਰ ਹੋ ਰਹੇ ਸਨ। ਦੂਜੇ ਪਾਸੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਆਉਣ ਦੀ ਆਗਿਆ ਨਹੀਂ ਸੀ ਦਿੱਤੀ ਜਾਂਦੀ। ਜਦੋਂ ਉਹ ਆਉਂਦੇ ਸਨ ਤਾਂ ਉਨ੍ਹਾਂ ਨੂੰ ਫੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ। ਅੰਮ੍ਰਿਤਸਰ ਦੀ ਦੀਵਾਲੀ ਦਾ ਮੇਲਾ ਕਈ ਸਾਲਾਂ ਤੋਂ ਲਾਹੌਰ ਦੇ ਹਾਕਮਾਂ ਨੇ ਬੰਦ ਕਰ ਦਿੱਤਾ ਸੀ। ਭਾਈ ਮਨੀ ਸਿੰਘ ਨੇ ਭਾਈ ਸੂਰਤ ਸਿੰਘ ਤੇ ਭਾਈ ਸੁਬੇਗ ਸਿੰਘ ਦੀ ਮਦਦ ਨਾਲ ਦੀਵਾਲੀ ਦੇ ਮੌਕੇ ’ਤੇ ਅੰਮ੍ਰਿਤਸਰ ਵਿਚ ਮੇਲਾ ਕਰਨ ਦੀ ਲਾਹੌਰ ਦੇ ਸੂਬੇਦਾਰ ਤੋਂ ਆਗਿਆ ਲੈ ਲਈ। ਲਾਹੌਰ ਦੇ ਹਾਕਮਾਂ ਨੇ ਇੱਕ ਸ਼ਰਤ ਤੇ ਮੇਲਾ ਕਰਨ ਦੀ ਆਗਿਆ ਦਿੱਤੀ ਕਿ ਜੇਕਰ ਉਹਨਾਂ ਨੂੰ ਬਤੌਰ ਮੇਲਾ ਟੈਕਸ ਪੰਜ ਹਜ਼ਾਰ ਰੁਪਏ ਕੁਝ ਇਤਿਹਾਸਕਾਰਾਂ ਅਨੁਸਾਰ ਦਸ ਹਜ਼ਾਰ ਰੁਪਏ ਅਦਾ ਕੀਤਾ ਜਾਵੇ। ਭਾਈ ਮਨੀ ਸਿੰਘ ਜੀ ਨੇ ਸੰਗਤ ਨੂੰ ਸ੍ਰੀ ਅੰਮ੍ਰਿਤਸਰ ਦੀਵਾਲੀ ’ਤੇ ਆਉਣ ਲਈ ਸੱਦੇ ਭੇਜ ਦਿੱਤੇ । ਸਾਰੇ ਪ੍ਰਬੰਧ ਮੁਕੰਮਲ ਕਰ ਲਏ ਸਨ। ਦੂਜੇ ਪਾਸੇ ਮੁਗ਼ਲ ਹਾਕਮਾਂ, ਪੰਥ ਵਿਰੋਧੀ ਤਾਕਤਾਂ, ਲਾਹੌਰ ਦਰਬਾਰ ਨੇ ਦਿੱਲੀ ਦੇ ਤਖ਼ਤ ਦੀ ਸ਼ਹਿ ਨਾਲ ਇਕ ਡੂੰਘੀ ਸਾਜਿਸ਼ ਘੜੀ ਕਿ ਜਦੋਂ ਸਿੱਖ ਵੱਡੀ ਤਾਦਾਦ ’ਚ ਅੰਮ੍ਰਿਤਸਰ ਇਕੱਠੇ ਹੋਣ ਤਾਂ ਉਨ੍ਹਾਂ ਨੂੰ ਘੇਰਾ ਪਾ ਕੇ ਕਤਲ ਕਰ ਦਿੱਤਾ ਜਾਵੇ। ਉਨ੍ਹਾਂ ਨੇ ਆਪਣੀਆਂ ਫ਼ੌਜਾਂ ਅੰਮ੍ਰਿਤਸਰ ਦੇ ਆਲੇ-ਦੁਆਲੇ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਰ ਕੇ ਲੋਕ ਮੇਲੇ ’ਤੇ ਨਾ ਆਏ, ਨਾ ਸੰਗਤ ਇਕੱਠੀ ਹੋਈ ਤੇ ਨਾ ਚੜ੍ਹਾਵੇ ਦੀ ਆਮਦਨ ਹੋਈ।


ਭਾਈ ਮਨੀ ਸਿੰਘ ਜੀ ਨੇ ਵੇਲੇ ਸਿਰ ਪਤਾ ਲੱਗ ਜਾਣ ’ਤੇ ਸੰਗਤ ਨੂੰ ਰੋਕ ਦਿੱਤਾ ਤੇ ਆਪਣੀ ਸੂਝ-ਬੂਝ ਨਾਲ ਕੌਮ ਨੂੰ ਬਚਾ ਲਿਆ। ਜਦੋਂ ਲਾਹੌਰ ਦੇ ਸੂਬੇਦਾਰ ਨੇ ਮੇਲਾ ਟੈਕਸ (ਜਜ਼ੀਆ) ਅਦਾ ਕਰਨ ਲਈ ਭਾਈ ਮਨੀ ਸਿੰਘ ਨੂੰ ਕਿਹਾ ਤਾਂ ਉਨ੍ਹਾਂ ਨੇ ਉੱਤਰ ਦਿੱਤਾ ਕਿ ਜਦੋਂ ਮੇਲਾ ਲੱਗਾ ਹੀ ਨਹੀਂ ਫਿਰ ਟੈਕਸ ਕਾਹਦਾ ਅਦਾ ਕਰਾਂ। ਇਨਕਾਰ ਕਰਨ ’ਤੇ ਭਾਈ ਮਨੀ ਸਿੰਘ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਤੇ ਨੇੜਲੇ ਸਬੰਧੀਆਂ ਨੂੰ ਬੰਦੀ ਬਣਾ ਕੇ ਲਾਹੌਰ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਆਖਿਆ ਤੇ ਭਾਰੀ ਲਾਲਚ ਦਿੱਤੇ ਗਏ। ਭਾਈ ਸਾਹਿਬ ਲਾਹੌਰ ਜੇਲ੍ਹ ਵਿਚ ਵੀ ਸਵੇਰੇ-ਸ਼ਾਮ ਨਿੱਤ-ਨੇਮ ਤੇ ਕਥਾ ਜ਼ਰੂਰ ਕਰਦੇ। ਲਾਹੌਰ ਦੇ ਸੂਬੇਦਾਰਾਂ ਨੂੰ ਭਾਈ ਮਨੀ ਸਿੰਘ ਜੀ ਨੇ ਕਿਹਾ ਕਿ ਭਾਵੇਂ ਮੇਰਾ ਬੰਦ-ਬੰਦ ਕੱਟ ਦਿਉ ਪਰ ਮੈਂ ਸਿੱਖੀ ਸਿਦਕ ਨਹੀਂ ਛੱਡ ਸਕਦਾ। ਲਾਹੌਰ ਦੇ ਸੂਬੇਦਾਰਾਂ ਨੇ ਜਲਾਦਾਂ ਨੂੰ ਕਿਹਾ ਕਿ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟ ਦਿੱਤਾ ਜਾਵੇ। ਭਾਈ ਮਨੀ ਸਿੰਘ ਨੂੰ ਅਸਹਿ ਤੇ ਅਕਹਿ ਕਸ਼ਟ ਦਿੰਦਿਆਂ 1734 ਈ: ਨੂੰ ਕੁਝ ਇਤਿਹਾਸਕਾਰਾਂ ਤੇ ਲੇਖਕਾਂ ਅਨੁਸਾਰ, ਪਰ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੰਮਤ 1794 ਬਿਕਰਮੀ ਹਾੜ ਸੁਦੀ ਪੰਚਮੀ ਸੰਨ 1737 ਈ: (93 ਸਾਲ ਦੀ ਉਮਰ) ਵਿਚ ਲਾਹੌਰ ਦੇ ਨਖਾਸ ਚੌਕ ’ਚ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਭਾਈ ਮਨੀ ਸਿੰਘ ਜੀ ਨੇ ਜਿੱਥੇ ਸ਼ਹੀਦੀ ਪਾਈ, ਉੱਥੇ ਪਵਿੱਤਰ ਸ਼ਹੀਦ ਗੰਜ ਗੁਰਦੁਆਰਾ ਲਾਹੌਰ ਦੇ ਕਿਲ੍ਹੇ ਕੋਲ ਬਣਿਆ ਹੋਇਆ ਹੈ।

-ਕਰਨੈਲ ਸਿੰਘ ਐੱਮਏ

The Great Figure Of History Shaheed Bhai Mani Singh Ji

local advertisement banners
Comments


Recommended News
Popular Posts
Just Now