January 11, 2025
Admin / Article
ਹਰ ਸਾਲ ਸਮੁੱਚੇ ਦੇਸ਼ ਭਰ ਵਿਚ ਮਾਘੀ ਦਾ ਮੇਲਾ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸਿੱਖ ਇਤਿਹਾਸ 'ਚ ਬਹੁਤ ਮਹੱਤਤਾ ਹੈ। ਦੱਸਣਯੋਗ ਹੈ ਕਿ ਇਸ ਦਿਨ ਸੰਗਤਾਂ ਗੁਰਦੁਆਰਾ ਸਾਹਿਬ ਦੇ ਪਾਵਨ ਸਰੋਵਰ 'ਚ ਇਸ਼ਨਾਨ ਕਰਕੇ ਗੁਰੂ ਚਰਨਾ 'ਚ ਆਪਣੀ ਹਾਜ਼ਰੀ ਲਗਵਾਉਂਦੀਆਂ ਹਨ। ਉੱਥੇ ਹੀ ਪੰਜਾਬ ਭਰ ਚੋਂ ਵੱਖ-ਵੱਖ ਅਸਥਾਨਾਂ 'ਤੇ ਮਾਘੀ ਨੂੰ ਸਮਰਪਿਤ ਬਹੁਤ ਵੱਡੇ ਪੱਧਰ 'ਤੇ ਸਮਾਗਮ ਉਲੀਕੇ ਜਾਂਦੇ ਹਨ। ਮਾਘੀ ਇਕ ਪੰਜਾਬੀ ਤਿਉਹਾਰ ਹੈ। ਹਿੰਦੀ ਵਿਚ ਇਸਨੂੰ ਮਕਰ ਸਕ੍ਰਾਂਤੀ ਕਿਹਾ ਜਾਂਦਾ ਹੈ। ਇਹ ਤਿਉਹਾਰ ਸਾਰੇ ਭਾਰਤ ਵਿਚ ਠੰਢ ਵਿਚ ਪੱਕੀ ਫ਼ਸਲ ਦਾ ਜ਼ਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ। ਮਾਘੀ, ਪੰਜਾਬੀ ਕੈਲੰਡਰ ਮੁਤਾਬਿਕ ਮਾਘ ਮਹੀਨੇ ਦੇ ਪਹਿਲੇ ਦਿਨ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਮਨਾਈ ਜਾਂਦੀ ਹੈ। ਮਾਘੀ ਮਕਰ ਸੰਕ੍ਰਾਂਤੀ ਤਿਉਹਾਰ ਦਾ ਪੰਜਾਬੀ ਨਾਂ ਹੈ, ਜੋਕਿ ਠੰਢ ਦੀ ਸੰਗਰਾਂਦ ਦਾ ਤਿਉਹਾਰ ਹੈ ਤੇ ਇਸਨੂੰ ਸਰਦੀ ਵਾਡੀ ਦੇ ਤਿਉਹਾਰ ਦੇ ਰੂਪ ਵਿਚ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ।
ਮਾਘੀ ਦਾ ਇਤਿਹਾਸ
ਸਿੱਖ ਇਤਿਹਾਸ ਅਨੁਸਾਰ ਬਿਕਰਮੀ ਸੰਮਤ 1761 ਵਿਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਲ੍ਹਾ ਅਨੰਦਪੁਰ ਸਾਹਿਬ ਵਿਖੇ ਮੁਗ਼ਲ ਫ਼ੌਜਾਂ ਨਾਲ ਜੰਗ ਲੜ ਰਹੇ ਸਨ। ਕਿਲ੍ਹੇ ਵਿਚ ਰਾਸ਼ਨ-ਪਾਣੀ ਖ਼ਤਮ ਹੋ ਰਿਹਾ ਸੀ। 40 ਸਿੱਖ ਯੋਧਿਆਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਭੁੱਖੇ-ਪਿਆਸੇ ਨਹੀਂ ਲੜ ਸਕਦੇ। ਗੁਰੂ ਜੀ ਨੇ ਕਿਹਾ ਕਿ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਮੈਨੂੰ ਵੇਦਾਵਾ ਲਿਖ ਦਿਓ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਗੁਰੂ ਨਹੀਂ ਅਤੇ ਅਸੀਂ ਉਨ੍ਹਾਂ ਦੇ ਚੇਲੇ ਨਹੀਂ ਹਾਂ। ਸਿੰਘਾਂ ਨੇ ਉਪਰੋਕਤ ਪੰਕਤੀਆਂ ਲਿਖ ਕੇ ਗੁਰੂ ਜੀ ਨੂੰ ਦਿੱਤੀਆਂ ਅਤੇ ਆਪਣੇ ਘਰ ਚਲੇ ਗਏ। ਕੁਝ ਦਿਨਾਂ ਬਾਅਦ ਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਚਮਕੌਰ ਸਾਹਿਬ ਚਲੇ ਗਏ, ਜਿੱਥੇ ਗੁਰੂ ਜੀ ਦੇ 2 ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੇ ਮੁਗਲ ਫੌਜਾਂ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਗੁਰੂ ਜੀ ਨੇ ਉਥੋਂ ਖਿਦਰਾਣੇ ਦੀ ਢਾਬ ਨੇੜੇ ਉੱਚੀ ਰੇਤਲੀ ਟਿੱਬੀ 'ਤੇ ਡੇਰਾ ਲਾਇਆ।
ਦੂਜੇ ਪਾਸੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਛੱਡ ਕੇ ਘਰ ਪਰਤੇ 40 ਸਿੰਘਾਂ ਨੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਬਹੁਤ ਕੋਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਮੁਸੀਬਤ ਦੇ ਵੇਲੇ ਗੁਰੂ ਜੀ ਦਾ ਸਾਥ ਨਹੀਂ ਛੱਡਣਾ ਚਾਹੀਦਾ ਸੀ। ਉਨ੍ਹਾਂ ਦੀਆਂ ਮਾਵਾਂ, ਭੈਣਾਂ ਅਤੇ ਪਤਨੀਆਂ ਨੇ ਕਿਹਾ ਸੀ ਕਿ ਤੁਸੀਂ ਸਾਰੇ ਘਰ ਬੈਠੋ, ਅਸੀਂ ਗੁਰੂ ਜੀ ਦੀ ਫੌਜ ਬਣ ਕੇ ਜੰਗ ਵਿਚ ਜਾਂਦੇ ਹਾਂ। ਪਰਿਵਾਰ ਵਾਲਿਆਂ ਦੇ ਤਾਅਨੇ ਸੁਣ ਕੇ ਮਾਈ ਭਾਗੋ ਦੀ ਅਗਵਾਈ ਵਿਚ 40 ਸਿੰਘ ਗੁਰੂ ਜੀ ਦੀ ਭਾਲ ਵਿਚ ਵਾਪਸ ਚਲੇ ਗਏ। ਲੱਭਦੇ-ਲੱਭਦੇ ਇਹ ਸਿੰਘ ਖਿਦਰਾਣੇ ਪਹੁੰਚ ਗਏ ਅਤੇ ਉੱਥੇ ਉਨ੍ਹਾਂ ਨੇ ਆਪਣਾ ਡੇਰਾ ਲਾ ਲਿਆ। ਗੁਰੂ ਜੀ ਦਾ ਪਿੱਛਾ ਕਰਦੇ ਹੋਏ ਜਦੋਂ ਮੁਗ਼ਲ ਫ਼ੌਜ ਵੀ ਖਿਦਰਾਣੇ ਪਹੁੰਚੀ ਤਾਂ ਉਨ੍ਹਾਂ ਨੇ ਉਥੇ ਝਾੜੀਆਂ 'ਤੇ ਸਿੰਘਾਂ ਦੇ ਸੁੱਕਦੇ ਕੱਪੜੇ ਵੇਖ ਕੇ ਅੰਦਾਜ਼ਾ ਲਗਾਇਆ ਕਿ ਗੁਰੂ ਜੀ ਦੀ ਫ਼ੌਜ ਨੇ ਇੱਥੇ ਤੰਬੂ ਲਾਏ ਹੋਏ ਹਨ। ਇਹ ਸੋਚ ਕੇ ਮੁਗ਼ਲ ਫ਼ੌਜ ਨੇ 40 ਸਿੰਘਾਂ ਉੱਤੇ ਹਮਲਾ ਕਰ ਦਿੱਤਾ। 40 ਸਿੰਘ ਯੋਧਿਆਂ ਨੇ ਵੀ ਭੁੱਖੇ ਸ਼ੇਰ ਵਾਂਗ ਹਰ ਪਾਸਿਓਂ ਮੁਗਲਾਂ 'ਤੇ ਹਮਲਾ ਕਰ ਦਿੱਤਾ। ਇਸ ਜੰਗ ਵਿਚ 39 ਯੋਧਾ ਸ਼ਹੀਦ ਹੋ ਗਏ।
ਦਿਨ ਵੱਡੇ ਹੋਣ ਦਾ ਪ੍ਰਤੀਕ
ਮਾਘੀ ਦਿਨ ਦੇ ਸਮੇਂ ਦੀ ਰੋਸ਼ਨੀ ਵਿਚ ਵਾਧਾ ਹੋਣ ਦਾ ਪ੍ਤੀਕ ਹੈ ਤੇ ਇਹ ਸਰਦੀ ਦੀ ਸੰਗਰਾਂਦ ਦਾ ਜਸ਼ਨ ਹੈ (ਜੋਕਿ ਅਸਲ ਵਿਚ ਦਸੰਬਰ ਵਿਚ ਆਉਂਦੀ ਹੈ) ਜਿਸ ਦਿਨ ਤੋਂ ਸੂਰਜ ਆਪਣੀ ਯਾਤਰਾ ਦੀ ਸ਼ੁਰੂਆਤ ਉਤਰੀ ਦਿਸ਼ਾ ਵੱਲ ਕਰਦਾ ਹੈ, ਜਿਸ ਦਾ ਜ਼ਿਕਰ “ਬੱੜਾ ਦਿਨ” (ਵੱਡਾ ਦਿਨ) ਦੇ ਤੌਰ 'ਤੇ ਕੀਤਾ ਜਾਂਦਾ ਹੈ। ਪੰਜਾਬੀ ਕੈਲੰਡਰ ਅਨੁਸਾਰ, ਇਸ ਦਿਨ ਤੋਂ ਸ਼ੀਸ਼ਿਰ ਮੌਸਮ ਦੇ ਸ਼ੁਰੂਆਤ ਹੋਣ ਦੀ ਵੀ ਮਨੀ ਜਾਂਦੀ ਹੈ। ਸ਼ੀਸ਼ਿਰ ਮੌਸਮ ਸਰਦੀ ਦੇ ਮੌਸਮ ਦਾ ਦੂਜਾ ਅੱਧ ਵੀ ਮਨਿਆ ਜਾਂਦਾ ਹੈ ਜਿਸ ਵਿਚ ਨਿਮਰ ਮੌਸਮ ਹੁੰਦਾ ਹੈ ਅਤੇ ਇਸ ਤਰ੍ਹਾਂ ਮਾਘੀ ਨੂੰ ਮੌਸਮੀ ਤਿਉਹਾਰ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਮਾਘੀ ਤਿਉਹਾਰ ਨੂੰ ਸੂਰਜੀ ਮਹੀਨੇ ਮਾਘ ਵਿਚ ਮਨਾਇਆ ਜਾਂਦਾ ਹੈ ਉਸ ਅਨੁਸਾਰ ਬਸੰਤ ਤਿਉਹਾਰ ਨੂੰ ਚੰਦਰ ਮਹੀਨੇ ਦੇ ਮਾਘ ਵਿਚ ਮਨਾਇਆ ਜਾਂਦਾ ਹੈ। ਇਹ ਦੋਵੇਂ ਮਹੀਨੇ ਮੌਸਮੀ ਹਨ ਜਿਹਨਾਂ ਵਿਚ ਮਾਘੀ ਬਸੰਤ ਤੋਂ ਪਹਿਲਾਂ ਮਨਾਈ ਜਾਂਦੀ ਹੈ। ਉਦਾਹਰਣ ਦੇ ਲਈ ਤਾਮਿਲਨਾਡੂ ਵਿਚ, ਇਸਨੂੰ ਪੋਂਗਲ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਕਰਨਾਟਕ, ਕੇਰਲ ਅਤੇ ਆਂਧਰਾ ਪ੍ਰਦੇਸ਼ ਵਿਚ ਇਸ ਨੂੰ ਇਕੱਲਾ ਸੰਕਰਾਂਤੀ ਕਿਹਾ ਜਾਂਦਾ ਹੈ। ਗੋਆ, ਉਡੀਸ਼ਾ, ਹਰਿਆਣਾ, ਬਿਹਾਰ, ਝਾਰਖੰਡ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਜੰਮੂ ਆਦਿ ਰਾਜਾਂ ਵਿਚ ਇਸ ਨੂੰ ਮਕਰ ਸੰਕਰਾਂਤੀ ਕਿਹਾ ਜਾਂਦਾ ਹੈ। ਹਰਿਆਣਾ ਅਤੇ ਪੰਜਾਬ ਵਿਚ ਇਸ ਤੋਂ ਇਕ ਦਿਨ ਪਹਿਲਾਂ 13 ਜਨਵਰੀ ਨੂੰ ਲੋਹੜੀ ਵਜੋਂ ਮਨਾਇਆ ਜਾਂਦਾ ਹੈ।
ਉੱਤਰ ਪ੍ਰਦੇਸ਼ ਵਿਚ ਇਹ ਮੁੱਖ ਤੌਰ 'ਤੇ ਮੇਲੇ ਦਾ ਤਿਉਹਾਰ ਹੈ। ਇਲਾਹਾਬਾਦ ਵਿਚ ਗੰਗਾ, ਯਮੁਨਾ ਤੇ ਸਰਸਵਤੀ ਦੇ ਸੰਗਮ 'ਤੇ ਹਰੇਕ ਸਾਲ ਇਕ ਮਹੀਨੇ ਤੱਕ ਮਾਘ ਮੇਲਾ ਲਗਾਇਆ ਜਾਂਦਾ ਹੈ ਜਿਸ ਨੂੰ ਮਾਘ ਮੇਲੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। 14 ਜਨਵਰੀ ਤੋਂ ਹੀ ਇਲਾਹਾਬਾਦ ਵਿਚ ਹਰ ਸਾਲ ਮਾਘ ਮੇਲੇ ਦੀ ਸ਼ੁਰੂਆਤ ਹੁੰਦੀ ਹੈ। ਸਮੁੱਚੇ ਉੱਤਰ ਪ੍ਰਦੇਸ਼ ਵਿਚ ਇਸ ਤਿਉਹਾਰ ਨੂੰ ਖਿਚੜੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਦਿਨ ਖਿਚੜੀ ਖਾਣ ਅਤੇ ਖਿਚੜੀ ਦਾਨ ਕਰਨ ਦਾ ਵਧੇਰੇ ਮਹੱਤਵ ਹੁੰਦਾ ਹੈ। ਇਸੇ ਤਰ੍ਹਾਂ ਬਿਹਾਰ ਵਿਚ ਵੀ ਮਕਰ ਸੰਕ੍ਰਾਂਤੀ ਨੂੰ ਖਿਚੜੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਉੜਦ, ਚੌਲ, ਤਿਲ, ਚਿਵੜੇ, ਗੌ, ਸਵਰਨ, ਊਨੀ ਵਸਤਾਂ, ਕੰਬਲ ਆਦਿ ਦਾਨ ਕਰਨ ਦੀ ਪਰੰਪਰਾ ਹੈ। ਮਹਾਰਾਸ਼ਟਰ ਵਿਚ ਇਸ ਦਿਨ ਸਾਰੀਆਂ ਨਵੀਆਂ ਵਿਆਹੀਆਂ ਔਰਤਾਂ ਆਪਣੀ ਪਹਿਲੀ ਸੰਕ੍ਰਾਂਤੀ 'ਤੇ ਕਪਾਹ, ਤੇਲ ਤੇ ਨਮਕ ਆਦਿ ਚੀਜ਼ਾਂ ਦੂਜੀਆਂ ਸੁਹਾਗਣ ਔਰਤਾਂ ਨੂੰ ਦਾਨ ਕਰਦੀਆਂ ਹਨ। ਰਾਜਸਥਾਨ ਵਿਚ ਇਸ ਤਿਉਹਾਰ 'ਤੇ ਸੁਹਾਗਣਾਂ ਆਪਣੀ ਸੱਸ ਨੂੰ ਬਯਾ ਦੇ ਕੇ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ।
Importance Of Maghi Festival In Sikhism