February 3, 2025

Admin / Article
ਸ੍ਰੀ ਗੁਰੂ ਰਵਿਦਾਸ ਜੀ ਨੇ 25 ਜਨਵਰੀ 1377 ਈਸਵੀ ਭਾਵ 1433 ਸੰਮਤ ਬਿਕਰਮੀ ਮਾਘ ਪੂਰਣਿਮਾ ਦਿਨ ਐਤਵਾਰ ਨੂੰ ਅਵਤਾਰ ਧਾਰਿਆ। ਆਪ ਜੀ ਦੇ ਪਿਤਾ ਜੀ ਦਾ ਨਾਂ ਸ੍ਰੀ ਸੰਤੋਖ ਦਾਸ ਜੀ ਉਰਫ਼ ਰਘੂ (ਰਾਘਵ) ਸੀ ਤੇ ਮਾਤਾ ਜੀ ਦਾ ਨਾਂ ਸ੍ਰੀਮਤੀ ਕਰਮਾ ਉਰਫ਼ ਕਲਸਾਂ ਦੇਵੀ ਸੀ। ਉੱਚ ਕੋਟੀ ਦੇ ਵਿਦਵਾਨਾਂ ਦੀ ਅਣਥੱਕ ਖੋਜ ਤੇ ਸੁੱਘੜ ਵਿਚਾਰਧਾਰਾ ਤੋਂ ਜਾਣਕਾਰੀ ਮਿਲਦੀ ਹੈ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਕਾਂਸ਼ੀ, ਬਨਾਰਸ, ਉੱਤਰ ਪ੍ਰਦੇਸ਼ ’ਚ ਹੋਇਆ। ਆਪ ਜੀ ਦਾ ਜਨਮ ਚਮਾਰ ਜਾਤੀ ਦੇ ਜੱਸਲ ਗੋਤਰ ਵਿਚ ਹੋਇਆ। ਉਸ ਸਮੇਂ ਵੱਖ-ਵੱਖ ਰਿਆਸਤਾਂ ਤੇ ਭਿੰਨ-ਭਿੰਨ ਲਿਪੀਆਂ ਹੋਣ ਕਰਕੇ ਸ੍ਰੀ ਗੁਰੂ ਰਵਿਦਾਸ ਜੀ ਨੂੰ ਕਈ ਵੱਖੋ- ਵੱਖਰੇ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਪੰਜਾਬ ਤੇ ਹਰਿਆਣਾ ’ਚ ਗੁਰੂ ਰਵਿਦਾਸ ਜੀ, ਬੰਗਾਲ ’ਚ ਰੲਦਾਸ ਜਾਂ ਰੋਈਦਾਸ, ਗੁਜਰਾਤ ’ਚ ਰੋਹੀਦਾਸ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ ਰੈਦਾਸ, ਬੀਕਾਨੇਰ (ਰਾਜਸਥਾਨ) ’ਚ ਰਹਦਾਸ ਨਾਂ ਪ੍ਰਚਲਿਤ ਹਨ।
ਗੁਰੂ ਰਵਿਦਾਸ ਜੀ ਪਿਤਾ ਪੁਰਖੀ ਪੇਸ਼ੇ ਤੋਂ ਕਿਰਤ ਕਮਾਈ ਕਰਦੇ ਸਨ। ਸਾਰੀ ਕਮਾਈ ਸੰਗਤ, ਪੰਗਤ ਤੇ ਲੰਗਰ ਦੀ ਸੇਵਾ ਉੱਪਰ ਲਾ ਦਿੰਦੇ ਸਨ। ਇਸੇ ਕਰਕੇ ਪਿਤਾ ਜੀ ਨੇ ਆਪ ਜੀ ਦੀ ਸ਼ਾਦੀ ਕਰ ਕੇ ਅਲੱਗ ਕਰ ਦਿੱਤਾ ਤੇ ਘਰ ਦੇ ਪਿੱਛੇ ਛੋਟੀ ਜਿਹੀ ਝੌਂਪੜੀ ਬਣਾ ਦਿੱਤਾ, ਜੋ ਬਾਅਦ ’ਚ ਆਸ਼ਰਮ ਬਣ ਗਿਆ। ਆਪ ਜੀ ਦੀ ਸੁਪਤਨੀ ਦਾ ਨਾਂ ਲੋਨਾ ਸੀ ਜੋ ਮਿਰਜ਼ਾਪੁਰ ਤੋਂ ਸੀ। ਉਹ ਸ੍ਰੀ ਗੁਰੂ ਰਵਿਦਾਸ ਜੀ ਦੇ ਹਰ ਕੰਮਕਾਜ, ਵਰਤੋਂ ਵਿਹਾਰ ’ਚ ਉੱਚਤਾ-ਸੁਚੱਜਤਾ, ਸਬਰ-ਸੰਤੋਖ, ਸਤਿ ਤੇ ਕਰਮਸ਼ੀਲਤਾ ਨਾਲ ਹੱਥ ਵਟਾਉਂਦੇ ਸਨ ਤੇ ਸਵੈਮਾਣਤਾ ਤੇ ਇਕਸਾਰਤਾ ਦੇ ਸੁਭਾਅ ਦੀ ਆਦਿ ਧਰਮ ਨਿਪੁੰਨ ਸ਼ਖ਼ਸੀਅਤ ਸਨ।
ਜੋਤੀ ਸਵਰੂਪ ਸਤਿਗੁਰੂ ਰਵਿਦਾਸ ਜੀ ਬਚਪਨ ਤੋਂ ਹੀ ਸਹਿਣਸ਼ੀਲ, ਰੱਬੀ ਰਜ਼ਾ ਵਿਚ ਰਹਿਣ ਵਾਲੇ, ਦੁੱਖ-ਸੁੱਖ ਤੋਂ ਨਿਰਲੇਪ, ਮਾਇਆ ਤਿਆਗੀ, ਨਿਰਭੈ, ਨਿਰਵੈਰ, ਕੋਮਲ ਤੇ ਵਿਮਲ ਹਿਰਦੇ ਵਾਲੇ, ਮਧੂ ਵਚਨ ਬੋਲ ਕੇ ਹਰ ਸ਼ਖ਼ਸੀਅਤ ਨੂੰ ਮੋਹ ਲੈਣ ਵਾਲੇ, ਚੇਤੰਨ ਚਿੰਤਕ, ਬ੍ਰਹਮ ਸਰੂਪ ਸਨ। ਆਪ ਸਤਿ, ਸੰਤੋਖ, ਵਿਚਾਰ ਨਾਲ ਜੁੜੇ, ਪੇ੍ਰਮਾ ਭਗਤੀ ਤੇ ਮਾਇਆ ਤਿਆਗ ਦੀ ਪ੍ਰਤੱਖ ਮੂਰਤ ਸਨ। ਉਹ ਨਿਰਗੁਣ, ਨਿਰਾਕਾਰ ਬ੍ਰਹਮ ਦੇ ਉਪਾਸਕ, ਸਮੁੱਚੀ ਮਾਨਵਤਾ ਦੇ ਉਪਦੇਸ਼ਕ, ਸੰਤ ਸ਼੍ਰੋਮਣੀ ਮਹਾਂ ਮਾਨਵ ਸਨ ਤੇ ਅਨਿਆਂ ਦੇ ਸਾਹਮਣੇ ਕਦੇ ਵੀ ਨਹੀਂ ਸਨ ਝੁਕਦੇ। ਆਪ ਜੀ ਨੇ ਆਪਣਾ ਸੰਪੂਰਨ ਜੀਵਨ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ। ਆਪ ਜੀ ਦਾ ਜੀਵਨ ਅੰਮਿ੍ਰਤ ਦੀ ਤਰ੍ਹਾਂ ਪਵਿੱਤਰ ਹੈ। ਆਪ ਜੀ ਕੋਲ ਅਜਿਹੀ ਰੂਹਾਨੀ ਖਿੱਚ ਸੀ ਕਿ ਕਾਂਸ਼ੀ ਦੇ ਬ੍ਰਾਹਮਣ ਤਾਂ ਕੀ ਸਗੋਂ ਛੱਤਰਪਤੀ ਸ਼ਹਿਨਸ਼ਾਹ ਵੀ ਆਪ ਜੀ ਦੇ ਚਰਨੀਂ ਸ਼ਰਨੀਂ ਲੱਗਦੇ ਸਨ ਤੇ ਸ਼ਾਹੀ ਖ਼ਾਨਦਾਨ ਦੀਆਂ ਰਾਜਕੁਮਾਰੀਆਂ ਅਤੇ ਮਹਾਰਾਣੀਆਂ ਜਿਵੇਂ ਕਿ ਰਾਣੀ ਝਾਲਾਂ ਜੀ ਤੇ ਰਾਜ ਕੁਮਾਰੀ ਮੀਰਾ ਜੀ ਵੀ ਸਤਿਗੁਰੂ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨਦੀਆਂ ਸਨ। ਆਪ ਸਤਿਸੰਗ ’ਚ ਅਜਿਹਾ ਮਦਹੋਸ਼ ਗੁਰਬਾਣੀ ਜਾਮ ਪਿਲਾਉਂਦੇ ਕਿ ਜੋ ਵੀ ਪੀ ਲੈਂਦਾ, ਡੋਲ ਜਾਂਦਾ ਅਤੇ ਸਰੂਰ ਵਿਚ ਹੋਰ ਜਾਮ ਪਿਆਲੀ ਲਈ ਭਟਕਦਾ ਗੇੜੇ ਘੱਤਦਾ ਰਹਿੰਦਾ।
ਸ੍ਰੀ ਗੁਰੂ ਰਵਿਦਾਸ ਜੀ ਦੀਆਂ ਰਚਨਾਵਾਂ ਰਸ ਤੇ ਅਲੰਕਾਰ ਭਰਪੂਰ ਹਨ, ਉਪਦੇਸ਼ ਤੇ ਸੰਦੇਸ਼ ਪ੍ਰਧਾਨ ਹਨ, ਨਿੱਜੀ ਸੁਭਾਵਿਕ, ਸਵੈਪ੍ਰਕਾਸ਼, ਆਦਰਸ਼ਵਾਦੀ ਰਹੱਸਮਈ ਅਨੁਭਵਾਂ ’ਤੇ ਆਧਾਰਿਤ ਹਨ। ਇਹ ਕਿਸੇ ਵੀ ਗ੍ਰੰਥ, ਵੇਦ, ਉਪਨਿਸ਼ਦ ਜਾਂ ਪੁਰਾਣ ਉੱਤੇ ਆਧਾਰਿਤ ਨਹੀਂ ਹਨ। ਆਪ ਜੀ ਦੇ ਵਿਚਾਰਾਂ ’ਚ ਪ੍ਰਤੱਖ ਮਿਠਾਸ, ਮਾਸੂਮਤਾ, ਆਦਰਸ਼ ਗਿਆਨ, ਭਗਤੀ ਦਾ ਰਚਨਾਤਮਿਕ ਵਿਵੇਚਨ, ਸਰਲਤਾ, ਪ੍ਰਮਾਣਿਕਤਾ, ਸੰਜਮਤਾ, ਮਾਨਵਤਾਵਾਦ ਅਤੇ ਆਦਿ ਧਰਮ ਸਮਭਾਵ ਦਾ ਸੁਮੇਲ ਹੈ। ਆਪ ਜੀ ਦੀ ਬਾਣੀ ਸ਼ੀਤਲ, ਸਰਬ-ਸ਼੍ਰੇਸ਼ਠ ਅਤੇ ਸਰਬ ਉੱਚ ਹੈ। ਆਪ ਗਿਆਨ ਅਨੁਰਾਗੀ ਹੀ ਨਹੀਂ ਸਨ ਸਗੋਂ ਰਸਿਕ ਬੈਰਾਗੀ ਵੀ ਸਨ। ਆਪ ਜੀ ਦੀ ਪਾਵਨ ਬਾਣੀ ਸੰਗੀਤ ਤੱਤਾਂ ਨਾਲ ਭਰਪੂਰ ਤੇ ਸਰਵੋਤਮ ਸ਼ਬਦਾਵਲੀ ਉਸ ਸਮੇਂ ਦੀ ਪੁਕਾਰ ਅਤੇ ਮੁੱਖ ਲੋੜ ਸੀ।
ਗੁਰੂ ਰਵਿਦਾਸ ਜੀ ਦਾ ਜਨਮ ਭਾਰਤੀ ਮੱਧਕਾਲ ਸਮੇਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਗਪਗ 91 ਸਾਲ ਪਹਿਲਾਂ ਹੋਇਆ। ਉਸ ਸਮੇਂ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਨ ਜਾਤੀਆਂ ਤੇ ਪੱਛੜੀਆਂ ਜਾਤੀਆਂ ਨੂੰ ਵਿੱਦਿਆ, ਪੂਜਾ, ਸੰਪਤੀ, ਪੇਸ਼ਾ, ਵਪਾਰ ਦਾ ਅਧਿਕਾਰ ਤਾਂ ਇਕ ਪਾਸੇ ਹਮੇਸ਼ਾ ਬਰਾਬਰਤਾ, ਇਕਸਾਰਤਾ, ਇਕਰੂਪਤਾ, ਭਾਈਚਾਰਕਤਾ, ਧਾਰਮਿਕ ਆਜ਼ਾਦੀ, ਮਨੁੱਖੀ ਅਤੇ ਸੱਭਿਆਚਾਰਕ ਮੁੱਲਾਂ ਦੇ ਅਧਿਕਾਰਾਂ ਦੀ ਜਗ੍ਹਾ ਗਤੀਹੀਣ ਗ਼ੁਲਾਮ ਸਮਝਣਾ, ਪਰਛਾਵੇਂ ਤੋਂ ਦੂਰ ਰੱਖਣਾ, ਨਫ਼ਰਤ ਵਾਲਾ ਸਲੂਕ ਕਰਨਾ ਅਤੇ ਨੀਵਾਂ ਵੇਖਿਆ ਜਾਂਦਾ ਸੀ ਤੇ ਚੌਥੇ ਦਰਜੇ ਦੇ ਸੇਵਕ ਮੰਨਿਆ ਜਾਂਦਾ ਸੀ। ਦੂਜੇ ਪਾਸੇ ਸੱਤਾ ਦਾ ਰੌਲ਼ਾ-ਗੌਲ਼ਾ ਸੀ ਤੇ ਮੁਗ਼ਲ ਸ਼ਹਿਨਸ਼ਾਹ ਅੱਯਾਸ਼ੀ, ਸ਼ਬਾਬ, ਕਬਾਬ ਤੇ ਹਵਸ ਦੇ ਸ਼ੌਕੀਨ ਸਨ। ਉਹ ਤਾਕਤ ਦੇ ਨਸ਼ੇ ਵਿਚ ਮਨ ਮਰਜ਼ੀ ਦੇ ਮਾਲਕ ਸਨ। ਰਾਜੇ ਤੇ ਸਲਾਹਕਾਰ ਕਰਮ ਕਾਂਡਾਂ, ਊਚ-ਨੀਚ ਤੇ ਜਾਤ-ਪਾਤ ਵਿਚ ਫਸੇ ਆਪਸ ਵਿਚ ਹੀ ਵੰਡੇ ਗਏ ਸਨ।
ਗੁਰੂ ਰਵਿਦਾਸ ਜੀ ਸਿੱਧੇ-ਸਾਦੇ ਰੂਪ ਵਿਚ ਵਿਰਾਸਤੀ ਪੇਸ਼ੇ ਵਿਚ ਮਸਤ, ਉੱਚ ਕੋਟੀ ਦੇ ਸਦਾਚਾਰਕ, ਯਥਾਰਥਕ, ਤਰਕਸ਼ੀਲਤਾ ਦੀ ਤਰਾਜ਼ੂ ’ਤੇ ਤੋਲਣ ਵਾਲੇ, ਨਿਰਗੁਣ ਬ੍ਰਹਮ ਦੇ ਇਕਬਾਲੀ ਸਾਧਕ ਸਨ। ਆਪ ਜੀ ਦੀ ਧਾਰਨਾ ਸੀ ਕਿ ਇਸ ਧਰਤੀ ਉੱਪਰ ਪੈਦਾ ਹੋਇਆ ਹਰ ਪ੍ਰਾਣੀ ਸਦਾਚਾਰਕ ਬੁਨਿਆਦ ਉੱਪਰ ਗਿਆਨ ਤੇ ਕਰਮਯੋਗ ਸਥਿਤੀ ਪਾ ਕੇ ਭਗਵੰਤ ਭਜਨ ਨਾਲ ਅਨਿਨ ਅਵਸਥਾ ਵਿਚ ਪੁਨੀਤ ਹੋ ਸਕਦਾ ਹੈ। ਕਿਸੇ ਵੀ ਕੁਲ ਜਾਂ ਜਾਤ ਵਿਚ ਜਨਮ ਲੈਣ ਜਾਂ ਉੱਚਾ ਨਾਂ ਰੱਖਣ ਨਾਲ ਕੋਈ ਵੱਡਾ ਗੁਣਵਾਨ ਜਾਂ ਗੁਣਹੀਨ ਨਹੀਂ ਹੁੰਦਾ।
ਰੱਬ ਕਿਸੇ ਜਾਤੀ, ਧਰਮ, ਕੌਮ ਦੀ ਨਿੱਜੀ ਜਾਇਦਾਦ ਨਹੀਂ ਕਿ ਕੋਈ ਵਿਅਕਤੀ ਪੈਸੇ ਦੇ ਕੇ ਇਸ ਨੂੰ ਖ਼ਰੀਦ ਲਵੇਗਾ ਜਾਂ ਕੋਈ ਵੀ ਵਿਅਕਤੀ ਪੈਸੇ ਲੈ ਕੇ ਇਸ ਨੂੰ ਵੇਚ ਦੇਵੇਗਾ। ਸ੍ਰੀ ਗੁਰੂ ਰਵਿਦਾਸ ਜੀ ਫਰਮਾਨ ਕਰਦੇ ਹਨ ਕਿ ਰੱਬ ਦਾ ਦਰ ਸਭ ਲਈ ਖੁੱਲ੍ਹਾ ਹੈ। ਇੱਥੇ ਰਾਜ ਮਹਿਲ ਵਿਚ ਜਾਣ ਵਾਂਗ ਰੋਕ-ਟੋਕ ਜਾਂ ਪ੍ਰਵੇਸ਼ ਦੀ ਮਨਾਹੀ ਨਹੀਂ ਹੈ। ਮਨੁੱਖ ਦੀ ਪਛਾਣ ਜਾਤ ਜਾਂ ਕੁਲ ਤੋਂ ਨਹੀਂ ਸਗੋਂ ਕਰਮਗਤ ਸ਼ੁੱਧਤਾ, ਭਰਾਤਾ ਵਿਵੇਕ, ਸ਼ੁੱਧ ਮਾਨਸਿਕਤਾ ਤੇ ਉੱਚੇ ਆਚਰਣ ਤੋਂ ਹੈ। ਆਪ ਜੀ ਨੇ ਕਰਮ ਮਾਰਗ, ਗਿਆਨ ਮਾਰਗ ਤੇ ਪ੍ਰੇਮ ਭਗਤੀ ਮਾਰਗ ਨੂੰ ਪਹਿਲ ਦਿੱਤੀ ਤੇ ਬ੍ਰਾਹਮਣੀ ਮਾਇਆ ਜਾਲ ਦਾ ਖੰਡਨ ਕੀਤਾ ਹੈ। ਆਪ ਜੀ ਦੇ ਪੈਰੋਕਾਰਾਂ ਨੂੰ ਅੱਜ ਵੀ ਬਾਣੇ ’ਚ ਵਿਚਰ ਰਹੇ ਧਾਰਮਿਕ ਆਗੂਆਂ ਨੂੰ ਕਸੌਟੀ ’ਤੇ ਪਰਖਣ ਦੀ ਲੋੜ ਹੈ।
ਸਤਿਗੁਰੂ ਰਵਿਦਾਸ ਜੀ ਨੇ ਨਾਮ ਸਿਮਰਨ ਕਰਨ, ਨੇਕ ਕਿਰਤ ਕਰਨ ਤੇ ਵੰਡ ਕੇ ਛਕਣ ਦਾ ਜਾਗ ਹੀ ਨਹੀਂ ਲਾਇਆ ਸਗੋਂ ਸਮੁੱਚੀ ਲੋਕਾਈ ਨੂੰ ਰੂਹਾਨੀਅਤ ਦਾ ਮਾਰਗ ਵੀ ਵਿਖਾਇਆ। ਆਪ ਜੀ ਦਾ ਪਵਿੱਤਰ ਜੀਵਨ ਹੀ ਨਿਰਗੁਣ ਭਗਤੀ, ਨਾਮ ਭਗਤੀ ਜਾਂ ਸਹਿਜ ਪ੍ਰੇਮਾ-ਭਗਤੀ ਅਤੇ ਨੇਕ ਕਿਰਤ, ਸ਼ੁੱਧ ਵਿਵਹਾਰ ਦਾ ਸਰਬੋਤਮ ਸੰਕਲਪ ਹੈ। ਆਪ ਜੀ ਦਾ ਦਿ੍ਰਸ਼ਟੀਕੋਣ ਸਰਬ ਵਿਆਪੀ ਅਤੇ ਸਮੁੱਚੀ ਕਾਇਨਾਤ ਲਈ ਹੈ। ਆਪ ਜੀ ਕੋਈ ਵੱਖਰਾ ਧਰਮ ਨਹੀਂ ਸਨ ਬਣਾਉਣਾ ਚਾਹੁੰਦੇ ਸਗੋਂ ਸਮੁੱਚੀ ਲੋਕਾਈ ਦੀ ਭਲਾਈ ਲਈ ਪਹਿਲਾਂ ਤੋਂ ਚੱਲਦੇ ਆ ਰਹੇ ਆਦਿ ਧਰਮ ਰਾਹੀਂ ਅਖੌਤੀ ਧਰਮਾਂ ਦੇ ਠੇਕੇਦਾਰਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣਾ ਚਾਹੁੰਦੇ ਸਨ।
ਸਤਿਗੁਰੂ ਰਵਿਦਾਸ ਜੀ ਨੇ ਪੰਜਾਬ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਤੇਲੰਗਾਨਾ, ਉੱਤਰਾਖੰਡ, ਦਿੱਲੀ, ਕਰਨਾਟਕ, ਆਸਾਮ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਜੰਮੂ ਕਸ਼ਮੀਰ, ਪੁਸ਼ਕਰ, ਪ੍ਰਯਾਗ, ਹਰਿਦੁਆਰ, ਮੁਲਤਾਨਪੁਰੀ, ਚਿਤੌੜ, ਬੀਕਾਨੇਰ, ਪੰਨਘਟ, ਅਮਝਰਾ ਕੁੰਡ, ਟੂਟੋਕੋਰੀਅਨ, ਕੈਲਾਸ਼ ਪਰਬਤ, ਮੈਕਲ ਪਰਬਤ, ਕੁੰਡੀ ਸਾਹਿਬ, ਅਮਰ ਕੰਟਕ, ਸੱਚਖੰਡ ਲੋਹਟਨੀਆਂ, ਡਲਹੌਜ਼ੀ, ਜੰਮੂ ਕਸ਼ਮੀਰ, ਕਲਕੱਤਾ, ਬੰਗਾਲ, ਤੁਗਲਕਾਬਾਦ, ਮਥੁਰਾ, ਵਿ੍ਰੰਦਾਬਨ, ਭਰਤਪੁਰ, ਕੋਠਾ ਸਾਹਿਬ, ਸੱਚਖੰਡ ਡੰਡੇ ਸਾਹਿਬ (ਜ਼ਿਲ੍ਹਾ ਅੰਮਿ੍ਰਤਸਰ), ਖੁਰਾਲਗੜ੍ਹ (ਜ਼ਿਲ੍ਹਾ ਹੁਸ਼ਿਆਰਪੁਰ) ਆਦਿ ਸਥਾਨਾਂ ਦੀ ਯਾਤਰਾ ਕੀਤੀ, ਸਤਿਸੰਗ ਕੀਤੇ ਅਤੇ ਉਪਦੇਸ਼ ਦਿੱਤੇ। ਆਪ ਜੀ ਦਾ ਮੇਲ ਸੁਲਤਾਨ ਸਿਕੰਦਰ ਲੋਧੀ ਨਾਲ ਦਿੱਲੀ ਤੇ ਲੁਧਿਆਣਾ ਵਿਖੇ ਹੋਇਆ। ਭਾਈ ਬਾਲਾ ਜੀ ਦੀ ਜਨਮ ਸਾਖੀ ’ਚ ਬਿਆਨ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਿਰਧਾਰ ਪਰਬਤ ’ਤੇ ਚੜ੍ਹੇ ਤਾਂ ਭਾਈ ਮਰਦਾਨਾ ਜੀ ਡਰ ਕੇ ਪੁੱਛਣ ਲੱਗੇ ਕਿ ਇਸ ਪਰਬਤ ’ਤੇ ਪਹਿਲਾਂ ਵੀ ਕੋਈ ਪੁੱਜਾ ਹੈ? ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਸ ਪਰਬਤ ’ਤੇ ਕੇਵਲ ਪਵਨ ਆਹਾਰੀ ਹੀ ਆ ਸਕਦੇ ਹਨ ਅਤੇ ਸੰਤ ਰਵਿਦਾਸ ਜੀ ਸਾਥੋਂ ਪਹਿਲਾਂ ਆ ਚੁੱਕੇ ਹਨ।
ਅਜੋਕੇ ਸਮੇਂ ’ਚ ਸ੍ਰੀ ਗੁਰੂ ਰਵਿਦਾਸ ਜੀ ਦੇ ਵਿਚਾਰਾਂ ਦੀ ਸਾਰਥਿਕਤਾ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ। ਆਓ ਸਾਰੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਧਾਰਨ ਕਰੀਏ।
ਸ੍ਰੀ ਗੁਰੂ ਰਵਿਦਾਸ ਜੀ ਆਪਣੀ ਸਾਰੀ ਕਿਰਤ ਕਮਾਈ ਸਮੂਹ ਜਨ ਸੰਗਤ, ਪੰਗਤ ਅਤੇ ਲੰਗਰ ਦੀ ਸੇਵਾ ਉੱਪਰ ਲਾ ਕੇ ਆਦਿ ਧਰਮ ਦੇ ਨਿਯਮਾਂ ਨੂੰ ਪ੍ਰਫੁੱਲਿਤ ਕਰਦੇ ਰਹੇ। ਆਪ ਜੀ ਨੇ ਸਰਬ ਸਾਂਝੀਵਾਲਤਾ ’ਚ ਬੈਠ ਕੇ ਲੰਗਰ ਦੀ ਪ੍ਰੰਪਰਾ ਚਲਾਈ ਤੇ ਇਸ ਲਈ ਆਪ ਜੀ ਨੇ ਦੌਲਤਮੰਦਾਂ ਤੋਂ ਧਨ-ਦੌਲਤ ਸਵੀਕਾਰ ਨਹੀਂ ਕੀਤੀ, ਨਾ ਹੀ ਪਾਖੰਡ ਨਾਲ ਹਥਿਆਈ ਅਤੇ ਨਾ ਹੀ ਭੀਖ ਮੰਗੀ। ਆਪ ਜੀ ਨੇ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਪਖੰਡੀ ਬਾਣੇ ਵਾਲਿਆਂ ਦੀ ਨਿੰਦਾ ਕੀਤੀ ਤੇ ਸੰਸਾਰਿਕ ਪ੍ਰਾਣੀ ਨੂੰ ਨੈਤਿਕ ਜੀਵਨ, ਅਧਿਆਤਮਿਕ ਤਾਂਘ ਤੇ ਸੁੱਖ-ਸ਼ਾਂਤੀ ਨਾਲ ਬਰਾਬਰਤਾ ਤੇ ਸਾਂਝੇ ਸੱਭਿਆਚਾਰ ’ਚ ਰਹਿਣ ਦਾ ਉਪਦੇਸ਼ ਦਿੱਤਾ। ਆਪ ਜੀ ਨੇ ਕਿਰਤ ਦੀ ਕਦਰ ਕੀਤੀ, ਲੋਕਾਂ ਨੂੰ ਨੇਕ ਨੀਤੀ ਨਾਲ, ਸਦਾਚਾਰ ਨੂੰ ਉੱਚਾ ਰੱਖ ਕੇ ਕਿਰਤ ਕਰਨ ਲਈ ਉਕਸਾਇਆ ਤੇ ਵਿਹਲੜਪੁਣੇ ਦਾ ਵਿਰੋਧ ਕੀਤਾ।
ਗੁਰੂ ਰਵਿਦਾਸ ਜੀ ਦੇ ਜੀਵਨ ਦਾ ਆਦਰਸ਼ ਮੱਧਕਾਲੀਨ ਭਾਰਤੀ ਇਤਿਹਾਸ ਦੇ ਯੁੱਗ ਵਿਚ ਨੈਤਿਕ ਚੇਤਨਾ ਰਾਹੀਂ ਸੱਭਿਆਚਾਰਕ, ਆਰਥਿਕ ਅਸਮਾਨਤਾ, ਸਮਾਜਿਕ ਕੁਰੀਤੀਆਂ ਭਾਵ ਮਨੁੱਖੀ ਵਿਤਕਰਾ, ਧਾਰਮਿਕ ਅਡੰਬਰਾਂ, ਦਾਰਸ਼ਨਿਕ, ਨੈਤਿਕ, ਰਾਜਨੀਤਕ ਕੂਟਨੀਤਕ ਚਾਲਾਂ, ਊਚ -ਨੀਚ ਦੀ ਭਾਵਨਾ ਵਿਰੁੱਧ ਮਧੁਰਤਾ ਤੇ ਨਿਮਰਤਾ ਦੀ ਬਾਣੀ ਰਾਹੀਂ ਵਿਗੜੇ ਹੋਏ ਸਮਾਜ ਵਿਚ ਆਦਿ ਧਰਮ ਵੱਲੋਂ ਇਨਸਾਨੀਅਤ ਦੇ ਹੱਕਾਂ ਦਾ ਅਹਿਸਾਸ ਜਗਾਉਣਾ ਸੀ। ਆਪ ਜੀ ਨੇ ਅਨੇਕਾਂ ਕਸ਼ਟ ਸਹਾਰਦਿਆਂ ਲਗਭਗ 60,000 ਕਿਲੋਮੀਟਰ ਪੈਦਲ ਚੱਲ ਕੇ ਸਮੁੱਚੀ ਮਨੁੱਖਤਾ ਨੂੰ ਸਤਿ, ਸ਼ੁੱਧ, ਸੁਚੱਜਾ ਤੇ ਉਸਾਰੂ ਜੀਵਨ ਜਿਊਣ ਦੀ ਉੱਤਮ ਸੇਧ ਦਿੱਤੀ।
- ਸੰਤ ਸਤਵਿੰਦਰ ਹੀਰਾ
Sri Guru Ravidass Ji
