March 11, 2025

ਲੇਖ
Admin / Article
ਜੀਵਨ ਦੀ ਗਤੀ ਅੱਜ ਬਹੁਤ ਤੇਜ਼ ਹੋ ਗਈ ਹੈ। ਜੀਵਨ ਵਿਚ ਸਫਲਤਾ ਦੇ ਮਾਪਦੰਡ ਵੀ ਬਦਲ ਰਹੇ ਹਨ। ਹਰ ਮਨੁੱਖ ਬਹੁਤ ਛੇਤੀ ਵੱਡੀਆਂ ਪ੍ਰਾਪਤੀਆਂ ਕਰਨੀਆਂ ਲੋਚਦਾ ਹੈ ਤੇ ਅਜਿਹਾ ਕਰਦੀਆਂ ਛੋਟੇ ਰਸਤਿਆਂ ਦੀ ਭਾਲ ਕਰਦਾ ਹੈ। ਇਹ ਸਭ ਕਰਦਿਆਂ ਉਹ ਜ਼ਿੰਦਗੀ ਦਾ ਅਸਲ ਅਨੰਦ ਮਾਨਣਾ ਭੁੱਲ ਗਿਆ ਹੈ। ਜਦੋਂ ਆਲੇ ਦੁਆਲੇ ਵੱਲ ਨਜ਼ਰ ਮਾਰਦੇ ਹਾਂ ਤਾਂ ਬਹੁਤਾਤ ਵਿਚ ਮੁਲਝਾਏ ਹੋਏ, ਬੁੱਝੇ ਬੁੱਝੇ, ਚਿੰਤਾਗ੍ਰਸਤ, ਥੱਕੇ ਥੱਕੇ ਚਿਹਰੇ ਨਜ਼ਰ ਆਉਂਦੇ ਹਨ। ਚਿਹਰਿਆਂ 'ਤੇ ਦਿਸਦਾ ਨੂਰ ਤੇ ਖਿੜਾਉ ਤਾਂ ਗਾਇਬ ਹੀ ਹੀ ਗਿਆ ਹੈ। ਅਜਿਹੀ ਹਾਲਤ ਵਿਚ ਜ਼ਿੰਦਗੀ ਬੋਝ ਲਗਦੀ ਹੈ। ਨਤੀਜਾ ਇਹ ਨਿਕਲਦਾ ਹੈ ਕਿ ਚਿੰਤਤ ਮਨੁੱਖ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਚਿੰਤਾ ਕਰਕੇ ਮਨ ਬੇਅਰਾਮ ਹੋ ਜਾਂਦਾ ਹੈ। ਇਸ ਦਾ ਅਸਰ ਹਰ ਚੀਜ਼ (ਪੜ੍ਹਾਈ, ਨੀਂਦ, ਭੁੱਖ, ਪਰਿਵਾਰਕ ਸਬੰਧਾਂ) 'ਤੇ ਨਜ਼ਰ ਆਉਂਦਾ ਹੈ। ਸ੍ਰੀ ਗੁਰੂ ਗ੍ੰਥ ਸਾਹਿਬ ਜੀ ਵਿਚ ਵੀ ਚਿੰਤਾ ਨੂੰ ਰੋਗ ਕਿਹਾ ਗਿਆ ਹੈ।
ਅੱਜ ਮਨੁੱਖ ਨੂੰ ਚਿੰਤਾ ਹੈ...
ਜੀਵਨ ਵਿਚ ਨਾਕਾਮਯਾਬੀ ਦੀ
ਪਰਿਵਾਰ ਦੀ ਸਿਹਤਯਾਬੀ ਦੀ
ਕਿਸੇ ਅਣਹੋਣੀ ਦੇ ਵਾਪਰਨ ਦੀ
ਬੇਰੁਜ਼ਗਾਰੀ ਦੀ
ਅਸਫਲ ਹੋਣ ਦੀ
ਜੀਵਨ ਵਿਚਲੀਆਂ ਕਮੀਆਂ ਦੀ
ਇਕ ਗੱਲ ਹਮੇਸ਼ਾਂ ਯਾਦ ਰੱਖੀਏ ਕਿ ਜ਼ਿਆਦਾ ਪੈਸਾ, ਵੱਡੀ ਗੱਡੀ, ਜ਼ਮੀਨ ਜਾਇਦਾਦ, ਇਹ ਕਾਮਯਾਬੀ ਨਹੀਂ। ਪਰ ਅਸੀਂ ਇਸੇ ਨੂੰ ਹੀ ਕਾਮਯਾਬੀ ਸਮਝੀ ਬੈਠੇ ਹਾਂ। ਸਹੀ ਜੀਵਨ ਜੁਗਤ ਤੋਂ ਬਿਨਾਂ ਇਹ ਸਭ ਕਚਰੇ ਵਰਗਾ ਹੀ ਹੈ ਤੇ ਚਿੰਤਾਵਾਂ ਦਾ ਕਾਰਨ ਹੀ ਬਣਦਾ ਹੈ। ਪੇਟ ਭਰਨ ਲਈ ਤਾਂ ਪੈਸੇ ਦੀ ਲੋੜ ਹੈ ਪਰ ਖੁਸ਼ ਰਹਿਣ ਲਈ ਨਹੀਂ।
ਚਿੰਤਾ ਕਦੇ ਵੀ, ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ। ਸਗੋਂ ਅਜਿਹਾ ਕਰਕੇ ਤਾਂ ਅਸੀਂ ਆਪਣੀ ਸਮਰੱਥਾ ਨੂੰ ਹੋਰ ਵੀ ਘਟਾ ਲੈਂਦੇ ਹਾਂ। ਇਸੇ ਲਈ ਸਿਆਣੇ ਲੋਕ ਚਿੰਤਾ ਨੂੰ ਚਿਖਾ ਸਮਾਨ ਕਹਿੰਦੇ ਹਨ। ਜਿਹੜੀ ਪਲ ਪਲ ਬੰਦੇ ਨੂੰ ਮਾਰਦੀ ਹੈ। ਪਰ ਜੇਕਰ ਅਸੀਂ ਚਿੰਤਾ ਦੀ ਬਜਾਇ ਚਿੰਤਨ ਕਰੀਏ, ਭਾਵ ਚਿੰਤਾ ਛੱਡ ਕੇ, ਭਵਿੱਖ ਨੂੰ ਚੰਗੇਰਾ ਬਣਾਉਣ ਲਈ ਯੋਜਨਾਬੰਦੀ ਤੇ ਉਦਮ ਕਰੀਏ ਤਾਂ ਜੀਵਨ ਦੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਸਕਦੀਆਂ ਹਨ।
ਜੀਵਨ ਪ੍ਰਤੀ ਗਲਤ ਨਜ਼ਰੀਏ ਦਾ ਹੋਣਾ ਵੀ ਚਿੰਤਾ ਦਾ ਇਕ ਵੱਡਾ ਕਾਰਨ ਹੈ। ਉਦਾਹਰਨ ਦੇ ਤੌਰ 'ਤੇ...
1. ਜਦੋਂ ਜੀਵਨ ਵਿਚ ਦੁੱਖ ਆਉਂਦੇ ਹਨ ਤਾਂ ਆਮ ਕਰਕੇ ਅਸੀਂ ਘਬਰਾ ਜਾਂਦੇ ਹਾਂ, ਦੁਖੀ ਹੋ ਜਾਂਦੇ ਹਾਂ, ਹੌਸਲਾ ਹਾਰ ਜਾਂਦੇ ਹਾਂ ਤੇ ਕਈ ਵਾਰ ਤਾਂ ਇਨ੍ਹਾਂ ਤੋਂ ਛੁੱਟਕਾਰਾ ਪਾਉਣ ਲਈ ਨਸ਼ਿਆਂ ਤੇ ਖੁਦਕੁਸ਼ੀਂ ਵਰਗੇ ਭਿਆਨਕ ਰਸਤਿਆਂ 'ਤੇ ਤੁਰ ਪੈਂਦੇ ਹਾਂ। ਪਰ ਜੇਕਰ ਅਸੀਂ ਦੁੱਖ ਪ੍ਰਤੀ ਆਪਣਾ ਨਜ਼ਰੀਆ ਬਦਲ ਲਈਏ ਭਾਵ ਦੁੱਖ ਨੂੰ ਮਾੜਾ ਸਮਝਣ ਦੀ ਬਜਾਇ ਇਸ ਦਾ ਸਵਾਗਤ ਕਰੀਏ, ਇਸ ਪ੍ਰਤੀ ਹਾਂ ਪੱਖੀ ਨਜ਼ਰੀਆ ਰੱਖੀਏ ਭਾਵ ਦੁੱਖ ਨੂੰ ਦਾਤ ਕਰ ਕੇ ਮੰਨੀਏ, ਤਾਂ ਔਖੇ ਹਾਲਾਤ ਵਿਚੋਂ ਵੀ ਸੁਖੀ ਭਵਿਖ ਸਕਦੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਜਪੁ ਬਾਣੀ ਵਿਚ ਦੁੱਖਾਂ ਤੇ ਮੁਸੀਬਤਾਂ ਪ੍ਰਤੀ ਸਾਡਾ ਨਜ਼ਰੀਆ ਨਿਰਧਾਰਿਤ ਕੀਤਾ ਹੈ।
ਕੇਤਿਆ ਦੂਖ ਭੂਖ ਸਦ ਮਾਰ।। ਏਹਿ ਭਿ ਦਾਤਿ ਤੇਰੀ ਦਾਤਾਰ।। (ਅੰਗ 5)
2. ਆਮ ਕਰਕੇ ਅਸੀਂ ਜੀਵਨ ਵਿਚ ਉਨ੍ਹਾਂ ਚੀਜ਼ਾਂ ਬਾਰੇ ਜ਼ਿਆਦਾ ਸੋਚਦੇ ਹਾਂ, ਜਿਹੜੀਆਂ ਚੀਜ਼ਾਂ ਸਾਨੂੰ ਜੀਵਨ ਵਿਚ ਨਹੀਂ ਮਿਲਿਆ ਤੇ ਉਨ੍ਹਾਂ ਬਾਰੇ ਸੋਚ ਸੋਚ ਕੇ ਝੂਰਦੇ ਰਹਿੰਦੇ ਹਾਂ ਤੇ ਚਿੰਤਾ ਕਰਦੇ ਹਾਂ। ਪਰ ਜੇਕਰ ਅਸੀਂ ਆਪਣਾ ਨਜ਼ਰੀਆ ਬਦਲ ਕੇ ਉਨ੍ਹਾਂ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰੀਏ, ਜਿਹੜੀਆਂ ਸਾਨੂੰ ਜੀਵਨ ਵਿਚ ਮਿਲੀਆਂ ਹਨ ਤਾਂ ਫੇਰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਪਰਮਾਤਮਾ ਨੇ ਸਾਨੂੰ ਖੁਸ਼ ਰਹਿਣ ਲਈ ਅਣਗਣਿਤ ਚੀਜ਼ਾਂ ਬਖਸ਼ਿਸ਼ ਕੀਤੀਆਂ ਹਨ ਤੇ ਉਸ ਦੇ ਮੁਕਾਬਲੇ ਜਿਹੜੀਆਂ ਕਮੀਆਂ, ਘਾਟਾਂ ਸਾਨੂੰ ਜੀਵਨ ਵਿਚ ਲਗਦੀਆਂ ਹਨ ਉਹ ਤਾਂ ਦੋ ਚਾਰ ਹੀ ਹਨ। ਇਸ ਲਈ ਜੇਕਰ ਅਸੀਂ ਹਮੇਸ਼ਾਂ ਸ਼ਿਕਾਇਤਾਂ ਕਰਨ ਵਾਲਾ ਜੀਵਨ ਢੰਗ ਬਦਲ ਕੇ ਸ਼ੁਕਰਾਨੇ ਵਾਲੀ ਜੀਵਨ ਜੁਗਤ ਧਾਰਨ ਕਰ ਲਈਏ ਤਾਂ ਚਿੰਤਾ ਰੋਗ ਕੱਟਿਆ ਜਾ ਸਕਦਾ ਹੈ। ਸੁਖਮਨੀ ਸਾਹਿਬ ਦੀ ਬਾਣੀ ਵਿਚ ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਹਨ।
ਦਸ ਬਸਤੁ ਲੇ ਪਾਛੈ ਪਾਵੈ।। ਏਕ ਬਸਤੁ ਕਾਰਨਿ ਬਿਖੋਟਿ ਗਵਾਵੈ।।
ਏਕ ਭੀ ਨ ਦੇਇ ਦਸ ਭੀ ਹਿਰਿ ਲੇਅ।। ਤਉ ਮੂੜਾ ਕਹੁ ਕਹਾ ਕਰੇਇ।। (ਅੰਗ 268)
3. ਬੀਤੇ ਸਮੇਂ ਦੀਆਂ ਗਲਤੀਆਂ 'ਤੇ ਝੂਰਨਾ ਤੇ ਭਵਿੱਖ ਦੀ ਚਿੰਤਾ ਕਰਨੀ ਸਾਡੀ ਆਦਤ ਬਣ ਗਈ ਹੈ। ਇਨ੍ਹਾਂ ਦੋ ਕੰਮਾਂ ਲਈ ਹੀ ਅਸੀਂ ਪਰਮਾਤਮਾ ਵੱਲੋਂ ਬਖਸ਼ੀ ਆਪਣੀ ਬੇਸ਼ਕੀਮਤੀ ਊਰਜਾ ਵਿਅਰਥ ਗਵਾ ਰਹੇ ਹਾਂ। ਅਜਿਹਾ ਕਰਦਿਆਂ ਅਸੀਂ ਵਰਤਮਾਨ ਨੂੰ ਭੁੱਲ ਜਾਂਦੇ ਹਾਂ। ਜਿਹੜਾ ਪਰਮਾਤਮਾ ਵੱਲੋਂ, ਸਾਨੂੰ ਆਪਣਾ ਭਵਿੱਖ ਸੁਆਰਨ ਲਈ ਦਿੱਤਾ ਤੋਹਫਾ ਹੈ। ਕਿਉਂਕਿ ਜਿਸ ਤਰੀਕੇ ਨਾਲ ਅਸੀਂ ਆਪਣੇ ਵਰਤਮਾਨ ਨੂੰ ਸੰਭਾਲਦੇ ਹਾਂ, ਅੱਗੇ ਜਾ ਕੇ ਉਹੀ ਸਾਡਾ ਭਵਿੱਖ ਨਿਰਧਾਰਤ ਕਰਦਾ ਹੈ। ਇਸ ਲਈ ਵਰਤਮਾਨ ਵਿਚ ਚੰਗਾ ਬੀਜਣ ਲਈ ਭਾਵ ਸ਼ੁਭ ਕਰਮ ਕਰਨ ਲਈ ਯਤਨਸ਼ੀਲ ਹੋਈਏ। ਦੂਜਿਆਂ ਦੇ ਜੀਵਨ ਨੂੰ ਸ਼ਾਂਤ ਕਰਨ ਲਈ ਉਦਮ ਕਰੀਏ। ਵਿਕਾਰਾਂ ਤੋਂ ਬਚੀਏ।
4. ਜੀਵਨ ਵਿਚ ਆਉਂਦੀਆਂ ਮੁਸੀਬਤਾਂ ਅਸਲ ਵਿਚ ਸਾਡੀ ਪਰਖ ਕਰਨ ਲਈ ਹਨ, ਇਹ ਤਾਂ ਸਾਡਾ ਇਮਤਿਹਾਨ ਹਨ ਕਿ ਅਸੀਂ ਕਿਸ ਮਿੱਟੀ ਦੇ ਬਣੇ ਹੋਏ ਹਾਂ। ਅਸੀਂ ਮੁਸੀਬਤਾਂ ਦਾ ਸਾਹਮਣਾ ਬਹਾਦਰੀ ਨਾਲ ਕਰ ਕੇ ਹਰ ਹਾਲਤ ਵਿਚ ਇਸ ਇਮਤਿਹਾਨ ਵਿਚੋਂ ਪਾਸ ਹੋਣਾ ਹੈ। ਮੁਸੀਬਤਾਂ ਸਾਹਮਣੇ ਕਦੇ ਵੀ ਆਤਮ ਸਮਰਪਣ ਨਾ ਕਰੀਏ। ਸਾਡਾ ਸਾਰਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਿਵੇਂ 18ਵੀਂ ਸਦੀ ਵਿਚ ਇਸ ਧਰਤੀ ਦੇ ਜਾਇਆਂ ਨੇ, ਘੋੜਿਆ ਦੀਆਂ ਕਾਠੀਆਂ 'ਤੇ ਰਹਿੰਦਿਆਂ, ਮੁੱਠ ਛੋਲਿਆਂ ਦੀ ਖਾ ਕੇ ਤੇ ਕਈ ਵਾਰ ਭੁੱਖੇ ਰਹਿ ਕੇ ਵੀ, ਅਕਹਿ ਤੇ ਅਸਹਿ ਤਸੀਹੇ ਝਲਦੀਆਂ ਐਸਾ ਸੁਨਹਿਰੀ ਇਤਿਹਾਸ ਸਿਰਜਿਆ, ਜਿਸ ਦੀ ਮਿਸਾਲ ਦੁਨੀਆ ਵਿਚ ਹੋਰ ਕਿਤੋਂ ਵੀ ਨਹੀਂ ਮਿਲਦੀ। ਕੁਝ ਵੀ ਨਹੀਏ ਦੇ ਵਿਚੋਂ ਰਾਜ ਕਰੇਗਾ ਖਾਲਸਾ ਦੇ ਲਏ ਸੁਪਨੇ ਨੂੰ ਸੱਚ ਕਰ ਦਿਖਾਇਆ।
5. ਜੀਵਨ ਦੇ ਵਿਰੋਧੀ ਹਾਲਾਤ ਜੀਵਨ ਨੂੰ ਹੋਰ ਤਕੜਾ ਕਰਨ ਵਿਚ ਸਹਾਈ ਹੁੰਦੇ ਹਨ। ਜਿੰਨਾਂ ਜ਼ਿਆਦਾ ਵਿਰੋਧ ਹੋਵੇਗਾ ਉਨੇਂ ਹੀ ਜ਼ਿਆਦਾ ਅਸੀਂ ਹਰ ਮਜ਼ਬੂਤ ਹੋਵਾਂਗੇ। ਇਸ ਲਈ ਜੀਵਨ ਵਿਚ ਕਦੇ ਵੀ ਵਿਰੋਧ ਤੋਂ ਘਬਰਾਉਣਾ ਨਹੀਂ ਚਾਹੀਦਾ। ਖੇਡ ਦੇ ਮੈਦਾਨ ਵਿਚ ਵੀ ਤੇ ਜੀਵਨ ਦੇ ਮੈਦਾਨ ਵਿਚ ਵੀ ਜੇਕਰ ਅਸੀਂ ਇਹ ਨਜ਼ਰੀਆ ਲੈ ਕੇ ਉਤਰਾਂਗੇ ਤਾਂ ਸਫਲ ਜ਼ਰੂਰ ਸਾਡੇ ਕਦਮ ਚੁੰਮੇਗੀ। ਇਸ ਲਈ ਜੀਵਨ ਜਿਉਂਦਿਆਂ ਚਿੰਤਾ ਕਰਨ ਦੀ ਬਜਾਇ ਹਮੇਸ਼ਾਂ ਆਪਣਾ ਕਰਤੱਵ ਪੂਰਾ ਕਰਨ ਲੀ ਉਦਮਸ਼ੀਲ ਹੋਈਏ। ਹਰ ਕੰਮ ਵਿਚ ਆਪਣਾ ਉਤਮ ਹੋਣ ਦਾ ਸੁਭਾਅ ਬਣਾਈਏ। ਨਤੀਜੇ ਦੀ ਚਿੰਤਾ ਨਾ ਕਰੀਏ। ਬਾਕੀ ਸਭ ਪਰਮਾਤਮਾ 'ਤੇ ਛੱਡ ਦੇਈਏ। ਇਹੀ ਸਫਲ ਜੀਵਨ ਜੁਗਤ ਹੈ।
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸੁ ਹੀ ਹੇਇ।। (ਅੰਗ 955)
Let s Not Worry Let s Think
