October 10, 2024

Admin / Business
ਲਾਈਵ ਪੰਜਾਬੀ ਟੀਵੀ ਬਿਊਰੋ : ਬੈਂਗਲੁਰੂ ਦੇ IIM ਵਿਚ ਕੌਫੀ ਸ਼ਾਪ ਚਲਾਉਣ ਵਾਲੇ ਦੁਕਾਨਦਾਰ ਦੀ ਪਤਨੀ ਦੇ ਖਾਤੇ ਵਿਚ ਅਚਾਨਕ 999 ਕਰੋੜ ਰੁਪਏ ਆ ਗਏ। ਅਕਾਊਂਟ ਵਿਚ ਇੰਨਾ ਪੈਸਾ ਦੇਖ ਕੇ ਦੁਕਾਨਦਾਰ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਪਰ ਉਸ ਦੀ ਇਹ ਖੁਸ਼ੀ ਜ਼ਿਆਦਾ ਦੇਰ ਤੱਕ ਟਿਕ ਨਾ ਸਕੀ। 48 ਘੰਟਿਆਂ ਦੇ ਅੰਦਰ ਇਹ ਸਾਰਾ ਪੈਸਾ ਕਢਵਾ ਲਿਆ ਗਿਆ ਅਤੇ ਬੈਂਕ ਨੇ ਖਾਤਾ ਫ੍ਰੀਜ਼ ਕਰ ਦਿੱਤਾ। ਹੁਣ ਸਥਿਤੀ ਇਹ ਬਣ ਗਈ ਹੈ ਕਿ ਦੁਕਾਨਦਾਰ ਇਸ ਵਿਚ ਕੋਈ ਲੈਣ-ਦੇਣ ਨਹੀਂ ਕਰ ਪਾ ਰਿਹਾ ਹੈ। ਉਸ ਦਾ ਕਾਰੋਬਾਰ ਠੱਪ ਹੋ ਗਿਆ ਹੈ ਅਤੇ ਉਹ ਬੈਂਕ ਦੇ ਲਗਾਤਾਰ ਚੱਕਰ ਲਾ ਲਾ ਕੇ ਪਰੇਸ਼ਾਨ ਹੋ ਗਿਆ ਹੈ।
ਬਿਜ਼ਨੈੱਸ ਅਖਬਾਰ ਮਿੰਟ ਵਿਚ ਪ੍ਰਕਾਸ਼ਿਤ ਖਬਰ ਮੁਤਾਬਕ ਪ੍ਰਭਾਕਰ ਐੱਸ ਆਈਆਈਐੱਮ ਬੈਂਗਲੁਰੂ ਵਿਚ ਇਕ ਛੋਟੀ ਕੌਫੀ ਸ਼ਾਪ ਚਲਾਉਂਦੇ ਹਨ। ਹਾਲ ਹੀ ਵਿਚ ਜਦੋਂ ਉਹ ਸੈਂਟਰਲ ਬੈਂਕ ਆਫ ਇੰਡੀਆ 'ਚ ਆਪਣੀ ਪਤਨੀ ਦੇ ਬਚਤ ਖਾਤੇ ਦੀ ਜਾਂਚ ਕਰ ਰਿਹਾ ਸੀ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਖਾਤੇ 'ਚ 999 ਕਰੋੜ ਰੁਪਏ ਜਮ੍ਹਾ ਕੀਤੇ ਗਏ ਸੀ। ਪਰ ਜਲਦੀ ਹੀ ਉਨ੍ਹਾਂ ਦੀ ਖੁਸ਼ੀ ਗਮੀ ਵਿੱਚ ਬਦਲ ਗਈ। 48 ਘੰਟਿਆਂ ਦੇ ਅੰਦਰ ਹੀ ਸਾਰੀ ਰਕਮ ਨਿਕਲ ਗਈ ਅਤੇ ਖਾਤਾ ਫ੍ਰੀਜ਼ ਕਰ ਦਿੱਤਾ ਗਿਆ। ਪ੍ਰਭਾਕਰ ਨੇ ਕਿਹਾ ਕਿ ਗਲਤੀ ਨਾਲ ਖਾਤੇ 'ਚ 999 ਕਰੋੜ ਰੁਪਏ ਆ ਗਏ ਸੀ ਅਤੇ ਫਿਰ ਉਨ੍ਹਾਂ ਨੇ ਖਾਤਾ ਫ੍ਰੀਜ਼ ਕਰ ਦਿੱਤਾ।
ਨਹੀਂ ਹੋ ਰਿਹਾ ਕੋਈ ਲੈਣ-ਦੇਣ
ਪ੍ਰਭਾਕਰ ਦਾ ਕਹਿਣਾ ਹੈ ਕਿ ਉਸ ਦੀ ਮਦਦ ਕਰਨ ਦੀ ਬਜਾਏ ਬੈਂਕ ਵੇਰਵੇ ਮੰਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕੀ ਹੋਇਆ ਹੈ। ਮੈਂ ਸਿਰਫ ਇਹ ਜਾਣਦਾ ਹਾਂ ਕਿ ਮੈਂ ਹੁਣ ਕੋਈ ਲੈਣ-ਦੇਣ ਨਹੀਂ ਕਰ ਪਾ ਰਿਹਾ ਹਾਂ। ਉਸ ਨੇ ਬੈਂਕ ਜਾ ਕੇ ਵੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਉਸਨੇ ਕੁਝ ਵਿਕਰੇਤਾਵਾਂ ਨੂੰ ਭੁਗਤਾਨ ਕਰਨਾ ਹੈ ਪਰ ਅਜਿਹਾ ਕਰਨ ਵਿਚ ਅਸਮਰੱਥ ਹੈ ਕਿਉਂਕਿ ਉਸਦਾ ਖਾਤਾ ਫ੍ਰੀਜ਼ ਕੀਤਾ ਗਿਆ ਹੈ। ਉਨ੍ਹਾਂ ਇਸ ਸਬੰਧੀ ਬੈਂਕ ਨੂੰ ਪੱਤਰ ਵੀ ਭੇਜਿਆ ਹੈ ਪਰ ਕੋਈ ਜਵਾਬ ਨਹੀਂ ਆਇਆ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਵਿੱਚ ਆਰਬੀਆਈ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ।
999 Crore Rupees Suddenly Came In The Shopkeeper s Wife s Account