March 2, 2024
ਵਿਦੇਸ਼ ਡੈਸਕ। ਅਮਰੀਕਾ ’ਚ ਰਹਿ ਰਹੇ ਭਾਰਤੀਆਂ ’ਚੋਂ ਸਿੱਖ ਭਾਈਚਾਰਾ ਸੱਭ ਤੋਂ ਵੱਧ ਹਮਲਿਆਂ ਦੀਆਂ ਘਟਨਾਵਾਂ ਦਾ ਸਾਹਮਣਾ ਕਰ ਰਿਹਾ ਹੈ। ਹਾਲ ਹੀ ਵਿਚ ਅਲਬਾਮਾ ’ਚ ਗੁਰਦੁਆਰੇ ਦੇ ਬਾਹਰ ਰਾਗੀ ਗਰੁੱਪ ਦੇ ਮੈਂਬਰ ਰਾਜ ਸਿੰਘ (29) ਦਾ 24 ਫ਼ਰਵਰੀ ਨੂੰ ਹਮਲਾਵਰਾਂ ਨੇ ਕਤਲ ਕਰ ਦਿਤਾ ਸੀ। ਉਥੇ ਹੀ ਅਮਰੀਕੀ ਜਾਂਚ ਏਜੰਸੀ ਐਫ਼.ਬੀ.ਆਈ. ਮੁਤਾਬਕ 2022 ਵਿਚ ਸਿੱਖਾਂ ’ਤੇ ਹਮਲਿਆਂ ਦੀਆਂ 151 ਘਟਨਾਵਾਂ ਹੋਈਆਂ, ਜੋ 2023 ਵਿਚ ਵੱਧ ਕੇ 198 ਹੋ ਗਈਆਂ। ਸਿੱਖਾਂ ਖਿਲਾਫ਼ ਨਫ਼ਰਤੀ ਅਪਰਾਧਾਂ ਦੇ ਮਾਮਲਿਆਂ ਵਿਚ 31 ਫ਼ੀ ਸਦੀ ਵਾਧਾ ਹੋਇਆ ਹੈ। ਅਮਰੀਕਾ ਦੇ ਨਿਊਯਾਰਕ, ਕੈਲੀਫ਼ੋਰਨੀਆ, ਨਿਊਜਰਸੀ, ਅਲਬਾਮਾ, ਵਾਸ਼ਿੰਗਟਨ ਅਤੇ ਸਿਆਟਲ ਵਿਚ ਸਿੱਖਾਂ ਵਿਰੁਧ ਸੱਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਜਦੋਂ ਕਿ ਅਮਰੀਕਾ ਵਿਚ ਰਹਿ ਰਹੇ ਭਾਰਤੀ ਭਾਈਚਾਰਿਆਂ ਵਿਰੁਧ ਨਫ਼ਰਤੀ ਅਪਰਾਧਾਂ ਦੇ ਕੁੱਲ ਮਾਮਲੇ 2022 ਵਿਚ 375 ਅਤੇ 2023 ਵਿਚ 520 ਸਨ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਰਹਿੰਦੇ 50 ਲੱਖ ਭਾਰਤੀਆਂ ਵਿਚੋਂ ਸਿੱਖਾਂ ਦੀ ਆਬਾਦੀ 5 ਲੱਖ ਹੈ। ਅਮਰੀਕਾ ਵਿਚ ਸਿੱਖ ਗ਼ਲਤ ਪਛਾਣ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਦੀ ਦਸਤਾਰ ਅਤੇ ਦਾੜ੍ਹੀ ਕਾਰਨ ਉਨ੍ਹਾਂ ਨੂੰ ਮੁਸਲਮਾਨ ਸਮਝ ਲਿਆ ਜਾਂਦਾ ਹੈ। ਕੁੱਝ ਘਟਨਾਵਾਂ ਵਿਚ ਹਮਲਾਵਰਾਂ ਨੇ ਪੁਲਿਸ ਕੋਲ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ।
Usa news 31 percent increase hate crimes against sikhs america in one year live punjabi tv crime news