October 8, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੇ ਭਵਾਨੀਗੜ੍ਹ ਨੇੜਲੇ ਪਿੰਡ ਨਗਾਰਾ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਮਿਲੀ ਹੈ, ਜਿੱਥੇ ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਲੈ ਕੇ ਜਾ ਰਹੇ ਸੂਲਰਘਾਟ ਦੇ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਚਾਚਾ ਰਣ ਸਿੰਘ ਪੁੱਤਰ ਜਗਰੂਪ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਸੂਲਰਘਾਟ ਨੇ ਦੱਸਿਆ ਕਿ ਉਸ ਦਾ ਭਤੀਜਾ ਗੁਰਪ੍ਰੀਤ ਸਿੰਘ ਖੇਤੀ ਦਾ ਕੰਮ ਕਰਦਾ ਸੀ। ਜਦੋਂ ਉਹ ਪਿੰਡ ਨਗਾਰੇ ਤੋਂ ਮਿੱਟੀ ਦੀ ਟਰਾਲੀ ਭਰ ਕੇ ਪਿੰਡ ਗੁੱਜਰਾਂ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਖੜ੍ਹੇ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਉਸ ਦੇ ਟਰੈਕਟਰ ’ਤੇ ਚੜ੍ਹ ਕੇ ਉਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਲਿਜਾਇਆ ਗਿਆ। ਉੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਉੱਥੇ ਪਹੁੰਚਦਿਆਂ ਹੀ ਮੌਤ ਹੋ ਗਈ।
ਇਸ ਸਬੰਧੀ ਸਥਾਨਕ ਥਾਣਾ ਮੁਖੀ ਸਬ-ਇੰਸਪੈਕਟਰ ਗੁਰਨਾਮ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਤਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਜਲਦ ਹੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਦਾ ਕਤਲ ਕਰਨ ਵਾਲਾ ਵਿਅਕਤੀ ਸੂਲਰਘਾਟ ਨੇੜਲੇ ਪਿੰਡ ਮੌੜਾਂ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।
Punjab A Person Carrying A Trolley Full Of Soil Was Killed With A Sharp Weapon