January 3, 2025
Admin / Education
ਲਾਈਵ ਪੰਜਾਬੀ ਟੀਵੀ ਬਿਊਰੋ : ਵਿਦੇਸ਼ਾਂ ਵਿਚ ਪੜ੍ਹਾਈ ਤੋਂ ਹੁਣ ਪੰਜਾਬ ਦੇ ਨੌਜਵਾਨ ਕਤਰਾਉਣ ਲੱਗੇ ਹਨ। ਕੈਨੇਡਾ ਹੀ ਨਹੀਂ ਹੁਣ ਆਸਟ੍ਰੇਲੀਆ ਅਤੇ ਯੂਕੇ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਵੀ ਘੱਟ ਗਈ ਹੈ। ਨੌਜਵਾਨ ਹੁਣ ਪੰਜਾਬ ਵਿਚ ਹੀ ਬਦਲ ਲੱਭ ਰਹੇ ਹਨ। ਕੈਨੇਡਾ ਦੀ ਅਪਲਾਈ ਬੋਰਡ ਕੰਪਨੀ ਦੀ ਇਕ ਰਿਪੋਰਟ ਅਨੁਸਾਰ 2024 ਦੇ ਅੰਤ ਤੱਕ ਦਿੱਤੇ ਗਏ ਨਵੇਂ ਸਟੱਡੀ ਪਰਮਿਟਾਂ ਦੀ ਗਿਣਤੀ ਲਗਪਗ 231,000 ਹੈ, ਜੋ ਕਿ 2023 ਵਿਚ ਪ੍ਰਵਾਨਿਤ 436,000 ਤੋਂ ਕਾਫ਼ੀ ਘੱਟ ਹੈ। ਕੈਨੇਡਾ 'ਚ ਵਿਦਿਆਰਥੀਆਂ ਦਾ ਗ੍ਰਾਫ 50 ਫੀਸਦੀ ਤੱਕ ਡਿੱਗ ਗਿਆ ਹੈ।
ਸਟੱਡੀ ਵੀਜ਼ਿਆਂ 'ਤੇ ਪਿਆ ਕੈਨੇਡਾ ਤੇ ਭਾਰਤ ਵਿਚਾਲੇ ਵਧੇ ਤਣਾਅ ਦਾ ਅਸਰ
2022 ਵਿਚ ਕੈਨੇਡਾ ਗਏ 5.5 ਲੱਖ ਵਿਦਿਆਰਥੀਆਂ ਵਿਚੋਂ, 2.26 ਲੱਖ ਭਾਰਤ ਦੇ ਸਨ, ਜਿਨ੍ਹਾਂ ਵਿਚ 3.2 ਲੱਖ ਉਹ ਵੀ ਸ਼ਾਮਲ ਸਨ ਜੋ ਭਾਰਤੀ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਵਿਚ ਰਹੇ ਅਤੇ ਆਰਥਿਕਤਾ ਵਿਚ ਯੋਗਦਾਨ ਦਿੱਤਾ ਪਰ 2023 ਵਿਚ ਇਹ ਗਿਣਤੀ ਘੱਟ ਗਈ ਅਤੇ 2024 ਵਿਚ ਅੱਧੀ ਰਹਿ ਗਈ।
ਕੈਨੇਡਾ ਵਿਚ ਬੇਰੁਜ਼ਗਾਰੀ, ਮਹਿੰਗਾਈ ਅਤੇ ਬੈਂਕਾਂ ਦੇ ਵਿਆਜ ਵਧਣ ਕਾਰਨ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਆਈ ਹੈ। ਕੈਨੇਡਾ ਅਤੇ ਭਾਰਤ ਵਿਚਾਲੇ ਕਾਫੀ ਤਣਾਅ ਪੈਦਾ ਹੋ ਗਿਆ ਹੈ, ਜਿਸ ਦਾ ਅਸਰ ਸਟੱਡੀ ਵੀਜ਼ਿਆਂ 'ਤੇ ਵੀ ਪਿਆ ਹੈ। ਪੰਜਾਬ ਤੋਂ ਕੈਨੇਡਾ ਜਾਣ ਵਾਲੇ ਲੋਕਾਂ ਦੀ ਗਿਣਤੀ ਕਾਫੀ ਘੱਟ ਗਈ ਹੈ। ਕੈਨੇਡਾ ਦੇ ਨੌਜਵਾਨ ਹੁਣ ਪੰਜਾਬ ਵਿੱਚ ਬਦਲ ਦੀ ਤਲਾਸ਼ ਕਰ ਰਹੇ ਹਨ।
ਆਸਟ੍ਰੇਲੀਆ 'ਚ ਵੀ ਘਟੀ ਭਾਰਤੀ ਵਿਦਿਆਰਥੀਆਂ ਦੀ ਗਿਣਤੀ
ਵਰਤਮਾਨ ਵਿਚ ਲਗਪਗ 1.30 ਲੱਖ ਭਾਰਤੀ ਵਿਦਿਆਰਥੀ ਆਸਟ੍ਰੇਲੀਆ ਵਿਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਆਸਟ੍ਰੇਲੀਆ ਵਿਚ ਦਾਖਲੇ ਲਈ ਅਪਲਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਮਾਰਚ 2024 ਵਿਚ 96,490 ਤੋਂ ਘਟ ਕੇ ਜੂਨ 2024 ਵਿਚ 87,600 ਰਹਿ ਗਈ ਹੈ। ਜਨਵਰੀ 2025 ਦਾ ਅੰਕੜਾ ਹੋਰ ਵੀ ਘੱਟ ਹੋ ਸਕਦਾ ਹੈ।
ਯੂਕੇ 'ਚ ਵਿਦਿਆਰਥੀਆਂ ਦੀ ਗਿਣਤੀ 'ਚ ਲਗਾਤਾਰ ਗਿਰਾਵਟ ਜਾਰੀ
ਯੂਕੇ ਵਿਚ ਪੜ੍ਹਨ ਲਈ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਲਗਾਤਾਰ ਗਿਰਾਵਟ ਜਾਰੀ ਹੈ। ਗ੍ਰਹਿ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2023 ਤੋਂ 2024 ਦਰਮਿਆਨ ਹੁਣ ਤੱਕ 16 ਫੀਸਦੀ ਦੀ ਗਿਰਾਵਟ ਆਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਜਨਵਰੀ ਤੋਂ ਅਕਤੂਬਰ ਦਰਮਿਆਨ 359,600 ਸਟੱਡੀ ਵੀਜ਼ਾ ਅਰਜ਼ੀਆਂ ਆਈਆਂ, ਜੋ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 16 ਫੀਸਦੀ ਘੱਟ ਹਨ। ਇਸ ਦੌਰਾਨ, ਵਿਦਿਆਰਥੀ ਆਸ਼ਰਿਤਾਂ ਲਈ ਵੀਜ਼ਾ ਲਈ ਅਰਜ਼ੀਆਂ ਦੀ ਗਿਣਤੀ ਘਟ ਕੇ 19,100 ਰਹਿ ਗਈ ਹੈ, ਜੋ ਕਿ ਸਾਲ ਦਰ ਸਾਲ 85 ਫੀਸਦੀ ਦੀ ਗਿਰਾਵਟ ਹੈ। ਪੰਜਾਬ ਦੇ ਕਾਲਜਾਂ ਅਤੇ ਤਕਨੀਕੀ ਸੰਸਥਾਵਾਂ ਵਿਚ ਸੀਟਾਂ ਭਰ ਗਈਆਂ ਹਨ। ਇਤਿਹਾਸ ਪ੍ਰੋ. ਕੁਨਾਲ ਦਾ ਕਹਿਣਾ ਹੈ ਕਿ ਕਾਲਜਾਂ ਵਿਚ ਦਾਖ਼ਲਿਆਂ ਦੀ ਗਿਣਤੀ ਵੱਧ ਰਹੀ ਹੈ। ਇਸ ਸਾਲ ਗਿਣਤੀ ਵਧੀ ਹੈ। ਐੱਚਐੱਮਵੀ ਕਾਲਜ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਸ ਸਾਲ ਸਾਰੀਆਂ ਸੀਟਾਂ ਭਰ ਗਈਆਂ ਹਨ।
The Trend Of Students Going Abroad Has Decreased There Has Been A Decline In The Number Of Punjabis Going To Canada UK And Australia