March 4, 2025

Admin / Education
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 28 ਫਰਵਰੀ ਨੂੰ ਹੋਣ ਵਾਲੀ 12ਵੀਂ ਜਮਾਤ ਦੇ ਅੰਗਰੇਜ਼ੀ ਪੇਪਰ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ। ਇਹ ਫੈਸਲਾ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਤਲਵੰਡੀ ਭਾਈ 2 ਸੀਨੀਅਰ ਸੈਕੰਡਰੀ ਸਕੂਲ ਵਿੱਚ ਸਮੂਹਿਕ ਨਕਲ ਕਾਰਨ ਲਿਆ ਗਿਆ ਹੈ।
ਫਲਾਇੰਗ ਸਕੁਐਡ ਦੀ ਟੀਮ ਨੇ ਪ੍ਰੀਖਿਆ ਦੌਰਾਨ ਤਲਵੰਡੀ ਭਾਈ 2 ਸੀਨੀਅਰ ਸੈਕੰਡਰੀ ਸਕੂਲ ਵਿੱਚ ਛਾਪਾ ਮਾਰਿਆ। ਇਸ ਦੌਰਾਨ ਟੀਮ ਨੇ ਵਿਦਿਆਰਥੀਆਂ ਨੂੰ ਵੱਡੇ ਪੱਧਰ 'ਤੇ ਨਕਲ ਕਰਦੇ ਪਾਇਆ। ਇਸ ਤੋਂ ਬਾਅਦ ਉਡਣ ਦਸਤੇ ਦੀ ਜਾਂਚ ਰਿਪੋਰਟ ਸਰਕਾਰ ਨੂੰ ਸੌਂਪੀ ਗਈ, ਜਿਸ ਦੇ ਆਧਾਰ ’ਤੇ ਇਸ ਕੇਂਦਰ ਦਾ ਪੇਪਰ ਰੱਦ ਕਰ ਦਿੱਤਾ ਗਿਆ। ਇਸ ਫੈਸਲੇ ਕਾਰਨ ਸੈਂਟਰ ਨੰਬਰ 220681 ਦੇ 115 ਵਿਦਿਆਰਥੀਆਂ ਦੇ ਪੇਪਰ ਰੱਦ ਕਰ ਦਿੱਤੇ ਗਏ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਅੰਗਰੇਜ਼ੀ ਦੇ ਪੇਪਰ ਵਾਲੇ ਦਿਨ ਪੁਲਿਸ ਸੁਰੱਖਿਆ ਦੇ ਨਾਲ ਫਲਾਇੰਗ ਸਕੁਐਡ ਦੀ 13 ਮੈਂਬਰੀ ਟੀਮ ਨੇ ਸਕੂਲ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਵਿਦਿਆਰਥੀ ਸਮੂਹਿਕ ਨਕਲ ਕਰਦੇ ਪਾਏ ਗਏ। ਇਸ ਤੋਂ ਬਾਅਦ ਬੋਰਡ ਨੇ ਇਸ ਕੇਂਦਰ ਦੀ ਪ੍ਰੀਖਿਆ ਰੱਦ ਕਰ ਦਿੱਤੀ। ਹਾਲਾਂਕਿ ਬੋਰਡ ਨੇ ਇਸ ਰੱਦ ਹੋਏ ਪੇਪਰ ਦੀ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਹੈ ਪਰ ਉਮੀਦ ਹੈ ਕਿ ਜਲਦੀ ਹੀ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਨਵੀਂ ਤਰੀਕ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
278 ਫਲਾਇੰਗ ਟੀਮਾਂ ਤਾਇਨਾਤ
ਪੰਜਾਬ ਵਿਚ 12ਵੀਂ ਬੋਰਡ ਪ੍ਰੀਖਿਆ 2025 ਚੱਲ ਰਹੀ ਹੈ, ਜਿਸ ਦੀ ਆਖਰੀ ਮਿਤੀ 4 ਅਪ੍ਰੈਲ 2025 ਹੈ। ਪ੍ਰੈਕਟੀਕਲ ਇਮਤਿਹਾਨ 27 ਫਰਵਰੀ ਤੋਂ 4 ਮਾਰਚ, 2025 ਦਰਮਿਆਨ ਆਯੋਜਿਤ ਕੀਤੇ ਗਏ ਸੀ। ਇਸ ਸਾਲ ਬੋਰਡ ਨੇ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਲਗਭਗ 2,300 ਪ੍ਰੀਖਿਆ ਕੇਂਦਰ ਬਣਾਏ ਹਨ ਅਤੇ 278 ਫਲਾਇੰਗ ਟੀਮਾਂ ਤਾਇਨਾਤ ਕੀਤੀਆਂ ਹਨ।
PSEB Takes A Big Step Cancels The Exam Of Class 12th English Paper Know Why The Decision Was Taken
