April 5, 2025

ਅੰਮ੍ਰਿਤਸਰ ਦੀ ਨਵਜੋਤ ਕੌਰ ਰਹੀ ਤੀਜੇ ਨੰਬਰ 'ਤੇ
Admin / Education
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ: ਅਮਰਪਾਲ ਸਿੰਘ ਦੀ ਅਗਵਾਈ ਹੇਠ ਵਿੱਦਿਅਕ ਸੈਸ਼ਨ 2024-2025 ਲਈ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਇਸ ਸਾਲ 10,471 ਸਕੂਲਾਂ ਦੇ ਕੁੱਲ 2,90,471 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 2,82,627 ਵਿਦਿਆਰਥੀਆਂ ਨੂੰ ਤਰੱਕੀ ਦਿੱਤੀ ਗਈ। ਇਸ ਤਰ੍ਹਾਂ ਪਾਸ ਪ੍ਰਤੀਸ਼ਤਤਾ 97.30% ਰਹੀ। ਐਲਾਨੇ ਨਤੀਜਿਆਂ ਅਨੁਸਾਰ ਪੁਨੀਤ ਵਰਮਾ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਏ-225, ਚੀਫ ਖਾਲਸਾ ਦੀਵਾਨ, ਮਾਡਲ ਟਾਊਨ, ਹੁਸ਼ਿਆਰਪੁਰ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ 'ਤੇ ਰਹੇ। ਨਵਜੋਤ ਕੌਰ, ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ, ਫਰੀਦਕੋਟ ਵੀ 100 ਫੀਸਦੀ ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ’ਤੇ ਰਹੀ।
ਅੰਮ੍ਰਿਤਸਰ ਦੀ ਨਵਜੋਤ ਕੌਰ ਨੇ 99.83 ਫੀਸਦੀ ਅੰਕ ਕੀਤੇ ਹਾਸਿਲ
ਬੋਰਡ ਦੇ ਨਿਯਮਾਂ ਅਨੁਸਾਰ ਜੇਕਰ ਵਿਦਿਆਰਥੀ ਬਰਾਬਰ ਅੰਕ ਪ੍ਰਾਪਤ ਕਰਦੇ ਹਨ ਤਾਂ ਮੈਰਿਟ ਸੂਚੀ ਵਿੱਚ ਉਮਰ ਵਿੱਚ ਛੋਟੇ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਨਵਜੋਤ ਕੌਰ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਚੰਨਣ (ਅੱਡਾ ਨਾਥ ਦੀ ਖੂਹੀ), ਅੰਮ੍ਰਿਤਸਰ 99.83 ਫੀਸਦੀ ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ। ਚੇਅਰਮੈਨ ਡਾ: ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਸਖ਼ਤੀ ਅਤੇ ਪਾਰਦਰਸ਼ਤਾ ਨਾਲ ਕਰਵਾਈਆਂ ਗਈਆਂ ਹਨ। ਭਵਿੱਖ ਦੀਆਂ ਪ੍ਰੀਖਿਆਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਪ੍ਰਸ਼ਨ ਪੱਤਰਾਂ ਦੀ ਗੁਣਵੱਤਾ ਵਧਾਉਣ ਦੇ ਨਾਲ-ਨਾਲ ਸਿਲੇਬਸ ਵਿੱਚ ਲੋੜੀਂਦੇ ਸੁਧਾਰ ਕੀਤੇ ਜਾਣਗੇ। ਨਤੀਜੇ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੇ ਗਏ ਹਨ। ਜਿਹੜੇ ਵਿਦਿਆਰਥੀ ਪ੍ਰਮੋਟ ਨਹੀਂ ਹੋ ਸਕੇ, ਉਨ੍ਹਾਂ ਦੀ ਸਪਲੀਮੈਂਟਰੀ ਪ੍ਰੀਖਿਆ ਜੂਨ, 2025 ਵਿੱਚ ਲਈ ਜਾਵੇਗੀ, ਜਿਸ ਲਈ ਉਹ ਇੱਕ ਵੱਖਰਾ ਫਾਰਮ ਭਰਨਗੇ। ਇਸ ਸਬੰਧੀ ਜਾਣਕਾਰੀ ਸਕੂਲ ਲਾਗਇਨ ਅਤੇ ਵੱਖ-ਵੱਖ ਅਖਬਾਰਾਂ ਰਾਹੀਂ ਦਿੱਤੀ ਜਾਵੇਗੀ। ਨਤੀਜਾ ਘੋਸ਼ਿਤ ਕਰਨ ਸਮੇਂ ਪਰਲੀਨ ਕੌਰ ਬਰਾੜ, ਪੀ.ਸੀ.ਐਸ., ਸਕੱਤਰ, ਲਵਿਸ਼ ਚਾਵਲਾ, ਪ੍ਰੀਖਿਆ ਕੰਟਰੋਲਰ ਅਤੇ ਸਬੰਧਤ ਸ਼ਾਖਾ ਅਧਿਕਾਰੀ ਹਾਜ਼ਰ ਸਨ।
PSEB Class 8th Result Declared Puneet Verma From Hoshiarpur Becomes Topper