December 7, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਲੁਧਿਆਣਾ ਤੋਂ ਜਲੰਧਰ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਖੜ੍ਹੀ ਪਿਕਅੱਪ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਹਾਦਸੇ ਦੌਰਾਨ ਬੱਸ 'ਚ ਮੌਜੂਦ ਸਵਾਰੀਆਂ ਸ਼ੀਸ਼ਾ ਤੋੜ ਕੇ ਬਾਹਰ ਡਿੱਗ ਗਈਆਂ ਤੇ ਚੀਕ ਚਿਹਾੜਾ ਸ਼ੁਰੂ ਹੋ ਗਿਆ। ਇਹ ਘਟਨਾ ਫਿਲੌਰ ਨੇੜੇ ਖਹਿਰਾ-ਭਾਟੀਆ ਫਲਾਈਓਵਰ 'ਤੇ ਵਾਪਰੀ। ਹਾਦਸੇ 'ਚ 10 ਲੋਕ ਜ਼ਖਮੀ ਹੋਏ ਹਨ।
ਘਟਨਾ ਸਬੰਧੀ ਪਿਕਅੱਪ ਗੱਡੀ ਦੇ ਡਰਾਈਵਰ ਅਨੀਤ ਨੇ ਦੱਸਿਆ ਕਿ ਉਸ ਦੀ ਪਿਕਅੱਪ ਗੱਡੀ ਦਾ ਟਾਇਰ ਫਟ ਗਿਆ ਸੀ ਅਤੇ ਇਹ ਸੜਕ ਦੇ ਕਿਨਾਰੇ ਖੜ੍ਹੀ ਸੀ। ਇਸ ਦੌਰਾਨ ਸਵਾਰੀਆਂ ਨਾਲ ਭਰੀ ਬੱਸ ਤੇਜ਼ ਰਫਤਾਰ ਨਾਲ ਆ ਰਹੀ ਸੀ ਅਤੇ ਉਹ ਸਿੱਧੀ ਆ ਕੇ ਪਿਕਅੱਪ ਨਾਲ ਟਕਰਾ ਗਈ। ਜਿਸ ਵਿੱਚ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ
ਪਿਕਅੱਪ ਗੱਡੀ ਦੇ ਡਰਾਈਵਰ ਨੇ ਅੱਗੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕਾ ਪਾ ਕੇ ਫਰਾਰ ਹੋ ਗਏ। ਜਦਕਿ ਆਸ-ਪਾਸ ਦੇ ਲੋਕਾਂ ਨੇ ਬੱਸ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਟਾਟਾ ਪੰਚ ਦੀ ਕਾਰ ਵੀ ਬੱਸ ਨਾਲ ਟਕਰਾ ਗਈ।
ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ
ਜ਼ਖਮੀਆਂ ਦੀ ਪਛਾਣ ਦੀਪਕ, ਖੇਮ ਬਹਾਦਰ, ਵਿਮਲ, ਰਾਜੂ, ਭੀਮ ਬਹਾਦਰ, ਨਿਰਮਲਾ, ਸੁੱਖ ਮਾਲਾ, ਵੀਨਾ ਲਕਸ਼ਮੀ ਸਿਨਾਰ, ਚਾਨੀ ਅਤੇ ਇਕ ਹੋਰ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਰੋਡ ਸੇਫਟੀ ਫੋਰਸ ਦੀ ਟੀਮ ਮੌਕੇ 'ਤੇ ਪਹੁੰਚ ਗਈ। ਐੱਸਐੱਸਐੱਫ ਦੀ ਟੀਮ ਨੇ ਜ਼ਖ਼ਮੀਆਂ ਨੂੰ ਐਂਬੂਲੈਂਸ ਵਿੱਚ ਪਾ ਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ।
Speeding Bus Hits Parked Pickup Vehicles Overturn