August 21, 2024
Admin / Punjab
ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਤੋਂ ਜ਼ਬਰੀ ਵਸੂਲੀ ਮੰਗਣ ਦੇ ਮਾਮਲੇ ਦੀ ਸੁਣਵਾਈ ਕੱਲ੍ਹ ਮੋਹਾਲੀ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਦੀ ਅਦਾਲਤ ਵਿੱਚ ਹੋਈ। ਪਿਛਲੀ ਪੇਸ਼ੀ ’ਤੇ ਅਦਾਲਤ ਨੇ ਗਿੱਪੀ ਗਰੇਵਾਲ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਉਸ ਨੂੰ ਹਦਾਇਤਾਂ ਜਾਰੀ ਕੀਤੀਆਂ ਸੀ ਕਿ ਜੇਕਰ ਉਹ ਅਗਲੀ ਪੇਸ਼ੀ ’ਤੇ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਤਾਂ ਉਸ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਜਾਵੇਗਾ।
ਪੇਸ਼ੀ ਦੌਰਾਨ ਗਿੱਪੀ ਗਰੇਵਾਲ ਮੁੜ ਅਦਾਲਤ ਵਿਚ ਪੇਸ਼ ਨਹੀਂ ਹੋਏ। ਗਿੱਪੀ ਦੇ ਵਕੀਲ ਨੇ ਅਦਾਲਤ ਵਿਚ ਪੇਸ਼ ਹੋ ਕੇ ਅਦਾਲਤ ਨੂੰ ਦੱਸਿਆ ਕਿ ਗਿੱਪੀ ਗਰੇਵਾਲ ਵਿਦੇਸ਼ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ, ਜਿਸ ਕਾਰਨ ਉਹ ਅਦਾਲਤ ਵਿਚ ਪੇਸ਼ ਨਹੀਂ ਹੋ ਸਕਦੇ। ਉਨ੍ਹਾਂ ਅਦਾਲਤ ਤੋਂ ਕੁਝ ਦਿਨਾਂ ਦਾ ਸਮਾਂ ਮੰਗਿਆ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 3 ਸਤੰਬਰ ਨੂੰ ਤੈਅ ਕੀਤੀ ਹੈ ਅਤੇ ਗਿੱਪੀ ਗਰੇਵਾਲ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਰੁਪਿੰਦਰ ਸਿੰਘ ਉਰਫ਼ ਗਿੱਪੀ ਗਰੇਵਾਲ ਨੂੰ ਗਵਾਹੀ ਦੇਣ ਲਈ ਨੋਟਿਸ ਭੇਜਿਆ ਸੀ, ਪਰ ਗਿੱਪੀ ਗਰੇਵਾਲ ਪਿਛਲੀਆਂ ਚਾਰ ਪੇਸ਼ੀਆਂ ਤੋਂ ਅਦਾਲਤ ਵਿੱਚ ਹਾਜ਼ਰ ਨਹੀਂ ਹੋਏ, ਜਿਸ ਕਾਰਨ ਅਦਾਲਤ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਅਦਾਲਤ ਅਤੇ ਜ਼ਮਾਨਤੀ ਵਾਰੰਟ ਅਤੇ 5,000 ਰੁਪਏ ਦੇ ਜ਼ਮਾਨਤੀ ਬਾਂਡ ਜਾਰੀ ਕੀਤੇ ਗਏ ਸਨ।
Punjabi Singer Gippy Grewal Did Not Appear In Court