January 20, 2026
PunjabPunjab Cabinet ਦੇ ਇਤਿਹਾਸਕ ਫੈਸਲੇ; DC ਕੋਲ ਹੋਵੇਗੀ ਜ਼ਮੀਨ ਅਲਾਟਮੈਂਟ ਦੀ ਪਾਵਰ, 1000 ਯੋਗਾ ਟ੍ਰੇਨਰਾਂ ਦੀ ਹੋਵੇਗੀ ਭਰਤੀ
Live Punjabi TV Bureau
ਚੰਡੀਗੜ੍ਹ, 20 ਜਨਵਰੀ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਹੋਈ ਪੰਜਾਬ ਵਜ਼ਾਰਤ (ਕੈਬਨਿਟ) ਦੀ ਮੀਟਿੰਗ ਵਿੱਚ ਸੂਬੇ ਦੇ ਵਿਕਾਸ ਅਤੇ ਪ੍ਰਸ਼ਾਸਨਿਕ ਸੁਧਾਰਾਂ ਨੂੰ ਲੈ ਕੇ ਕਈ ਅਹਿਮ ਮੋਹਰਾਂ ਲਗਾਈਆਂ ਗਈਆਂ ਹਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦਾ ਮਕਸਦ ਲੋਕਾਂ ਦੀ ਖੱਜਲ-ਖੁਆਰੀ ਖਤਮ ਕਰਨਾ ਅਤੇ ਕਿਸਾਨੀ ਤੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨਾ ਹੈ।
ਜ਼ਮੀਨਾਂ ਦੇ ਫੈਸਲਿਆਂ ਲਈ ਡੀਸੀ ਨੂੰ ਮਿਲੇ ਅਧਿਕਾਰ
ਲੋਕਾਂ ਦੀ ਸਹੂਲਤ ਲਈ ਕੈਬਨਿਟ ਨੇ ਇੱਕ ਵੱਡਾ ਪ੍ਰਸ਼ਾਸਨਿਕ ਸੁਧਾਰ ਕੀਤਾ ਹੈ। ਹੁਣ ਜਨਤਕ ਅਦਾਰਿਆਂ ਜਾਂ ਪ੍ਰੋਜੈਕਟਾਂ ਲਈ ਜ਼ਮੀਨਾਂ ਦੀ ਅਲਾਟਮੈਂਟ ਦਾ ਫੈਸਲਾ ਚੰਡੀਗੜ੍ਹ ਦੀ ਬਜਾਏ ਜ਼ਿਲ੍ਹਾ ਪੱਧਰ 'ਤੇ ਹੀ ਹੋ ਜਾਵੇਗਾ। ਇਸ ਲਈ ਡਿਪਟੀ ਕਮਿਸ਼ਨਰ (DC) ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਜਾਵੇਗੀ, ਜੋ ਜ਼ਮੀਨ ਦੇਣ ਬਾਰੇ ਫੈਸਲਾ ਲਵੇਗੀ। ਇਸ ਨਾਲ ਫਾਈਲਾਂ ਦੇ ਗੇੜੇ ਘਟਣਗੇ ਅਤੇ ਕੰਮਾਂ ਵਿੱਚ ਤੇਜ਼ੀ ਆਵੇਗੀ।
ਖੇਤੀ ਵਿਭਿੰਨਤਾ ਲਈ ਜਾਪਾਨ ਨਾਲ ਵੱਡਾ ਸਮਝੌਤਾ
ਕੈਬਨਿਟ ਨੇ ਫਸਲੀ ਚੱਕਰ ਨੂੰ ਬਦਲਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਜਾਪਾਨ ਦੀ ਮਦਦ ਨਾਲ ਇੱਕ ਵਿਸ਼ਾਲ ਪ੍ਰੋਜੈਕਟ ਨੂੰ ਹਰੀ ਝੰਡੀ ਦਿੱਤੀ ਹੈ। ਇਸ ਤਹਿਤ ਅਗਲੇ 10 ਸਾਲਾਂ ਵਿੱਚ ਪੰਜਾਬ ਅੰਦਰ ਬਾਗਬਾਨੀ (Horticulture) ਹੇਠਲਾ ਰਕਬਾ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਕਿਸਾਨਾਂ ਦੀ ਫਸਲ ਨੂੰ ਸਾਂਭਣ ਲਈ ਕੋਲਡ ਚੇਨ ਸਟੋਰੇਜ ਅਤੇ ਪ੍ਰੋਸੈਸਿੰਗ ਯੂਨਿਟ ਲਗਾਏ ਜਾਣਗੇ।
1000 ਨਵੇਂ ਯੋਗਾ ਟ੍ਰੇਨਰਾਂ ਦੀ ਹੋਵੇਗੀ ਭਰਤੀ'
ਸੀਐਮ ਦੀ ਯੋਗਸ਼ਾਲਾ' ਮੁਹਿੰਮ ਨੂੰ ਘਰ-ਘਰ ਪਹੁੰਚਾਉਣ ਲਈ ਸਰਕਾਰ ਨੇ 1000 ਨਵੇਂ ਯੋਗਾ ਟ੍ਰੇਨਰ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਇਹ ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖਬਰੀ ਹੈ। ਚੁਣੇ ਗਏ ਉਮੀਦਵਾਰਾਂ ਨੂੰ ਟ੍ਰੇਨਿੰਗ ਦੌਰਾਨ 8,000 ਰੁਪਏ ਭੱਤਾ ਮਿਲੇਗਾ ਅਤੇ ਨੌਕਰੀ ਪੱਕੀ ਹੋਣ 'ਤੇ 25,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਸਿਹਤ ਸੇਵਾਵਾਂ ਵਿੱਚ ਸੁਧਾਰ ਲਈ ਸਰਕਾਰ ਨੇ ਸੂਬੇ ਦੇ ਚਾਰ ਪ੍ਰਮੁੱਖ ਹਸਪਤਾਲਾਂ- ਬਾਦਲ, ਖਡੂਰ ਸਾਹਿਬ, ਜਲਾਲਾਬਾਦ ਅਤੇ ਫਾਜ਼ਿਲਕਾ ਫੈਸਲ ਕੇਅਰ ਸੈਂਟਰ ਦਾ ਪ੍ਰਬੰਧ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਨੂੰ ਸੌਂਪ ਦਿੱਤਾ ਹੈ। ਇਸ ਨਾਲ ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਅਤੇ ਬਿਹਤਰ ਇਲਾਜ ਮਿਲ ਸਕੇਗਾ।
'ਹਮਾਰੇ ਰਾਮ' ਸ਼ੋਅ ਨਾਲ ਜੁੜੇਗੀ ਨਵੀਂ ਪੀੜ੍ਹੀ
ਸਭਿਆਚਾਰਕ ਅਤੇ ਵਿਰਾਸਤੀ ਕਦਮ ਚੁੱਕਦਿਆਂ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੇ 40 ਵੱਡੇ ਸ਼ਹਿਰਾਂ ਵਿੱਚ ਭਗਵਾਨ ਰਾਮ ਦੇ ਜੀਵਨ 'ਤੇ ਅਧਾਰਿਤ 'ਹਮਾਰੇ ਰਾਮ' ਨਾਟਕ/ਸ਼ੋਅ ਕਰਵਾਏ ਜਾਣਗੇ। ਇਸਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਅਤੇ ਸੰਸਕਾਰਾਂ ਨਾਲ ਜੋੜਨਾ ਹੈ।
Punjab Cabinet s Historic Decision DC Will Have The Power Of Land Allotment 1000 Yoga Trainers Will Be Recruited