October 17, 2024
Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਮੁੰਬਈ ਟ੍ਰੈਫਿਕ ਪੁਲਿਸ ਨੂੰ ਸਲਮਾਨ ਖਾਨ ਖਿਲਾਫ ਲਾਰੇਂਸ ਬਿਸ਼ਨੋਈ ਗੈਂਗ ਤੋਂ ਧਮਕੀ ਮਿਲੀ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਮੁੰਬਈ ਟ੍ਰੈਫਿਕ ਪੁਲਿਸ ਦੇ ਵ੍ਹਟਸਐਪ ਨੰਬਰ 'ਤੇ ਸੰਦੇਸ਼ ਭੇਜਿਆ ਹੈ। ਇਸ ਵਿਚ ਸਲਮਾਨ ਖਾਨ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਸੰਦੇਸ਼ ਭੇਜਣ ਵਾਲੇ ਨੇ ਲਾਰੇਂਸ ਬਿਸ਼ਨੋਈ ਗੈਂਗ ਦੇ ਹਵਾਲੇ ਨਾਲ ਕਿਹਾ ਹੈ ਕਿ ਜੇਕਰ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦੇ ਹਨ ਅਤੇ ਲਾਰੇਂਸ ਬਿਸ਼ਨੋਈ ਗੈਂਗ ਨਾਲ ਆਪਣੀ ਦੁਸ਼ਮਣੀ ਖਤਮ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 5 ਕਰੋੜ ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇਸਨੂੰ ਹਲਕੇ ਵਿਚ ਲੈਣ ਦੀ ਗਲਤੀ ਨਾ ਕਰੋ। ਮੈਸੇਜ ਵਿਚ ਕਿਹਾ ਗਿਆ ਸੀ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਦੀ ਹਾਲਤ ਬਾਬਾ ਸਿੱਦੀਕੀ ਤੋਂ ਵੀ ਮਾੜੀ ਹੋ ਜਾਵੇਗੀ। ਮੁੰਬਈ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸਲਮਾਨ ਨੂੰ ਮਾਰਨ ਲਈ 6 ਲੋਕਾਂ ਨੂੰ ਦਿੱਤੇ ਸੀ 20 ਲੱਖ ਰੁਪਏ
ਸਲਮਾਨ ਅਪ੍ਰੈਲ ਤੋਂ ਹੀ ਲਾਰੇਂਸ ਬਿਸ਼ਨੋਈ ਗੈਂਗ ਦੇ ਰਾਡਾਰ 'ਤੇ ਹਨ। ਅਦਾਕਾਰ ਨੇ ਇਸ ਮਾਮਲੇ ਨੂੰ ਲੈ ਕੇ 4 ਜੂਨ ਨੂੰ ਮੁੰਬਈ ਪੁਲਿਸ ਦੇ ਸਾਹਮਣੇ ਬਿਆਨ ਵੀ ਦਰਜ ਕਰਵਾਇਆ ਹੈ। ਇਸ ਬਿਆਨ ਮੁਤਾਬਕ ਲਾਰੇਂਸ ਬਿਸ਼ਨੋਈ ਨੇ ਆਪਣੇ ਗੈਂਗ ਦੇ ਮੈਂਬਰਾਂ ਦੀ ਮਦਦ ਨਾਲ ਆਪਣੇ ਘਰ ਦੇ ਬਾਹਰ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਅਦਾਕਾਰ ਦੇ ਅਨੁਸਾਰ, ਉਹ ਉਸਨੂੰ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸੀ। ਪੁਲਿਸ ਨੇ ਇਸ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਚਾਰਜਸ਼ੀਟ ਵਿਚ ਦਾਅਵਾ ਕੀਤਾ ਸੀ ਕਿ ਲਾਰੇਂਸ ਨੇ ਸਲਮਾਨ ਨੂੰ ਮਾਰਨ ਲਈ 6 ਲੋਕਾਂ ਨੂੰ 20 ਲੱਖ ਰੁਪਏ ਦਿੱਤੇ ਸਨ। ਇਸ ਗਿਰੋਹ ਨੇ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਲਈ 25 ਲੱਖ ਰੁਪਏ ਦੀ ਸੁਪਾਰੀ ਲਈ ਸੀ।
ਬਾਬਾ ਸਿੱਦੀਕੀ ਦੀ 12 ਅਕਤੂਬਰ ਦੀ ਰਾਤ ਨੂੰ ਗੋਲੀ ਮਾਰ ਕੇ ਕੀਤੀ ਗਈ ਸੀ ਹੱਤਿਆ
ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਅਜੀਤ ਪਵਾਰ ਦੀ ਐਨਸੀਪੀ ਦੇ ਦਿੱਗਜ ਨੇਤਾ ਬਾਬਾ ਸਿੱਦੀਕੀ ਦੀ 12 ਅਕਤੂਬਰ ਦੀ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਮੁਤਾਬਕ ਇਸ ਘਟਨਾ 'ਚ ਤਿੰਨ ਸ਼ੂਟਰਾਂ ਨੇ ਉਸ ਦਾ ਕਤਲ ਕਰ ਦਿੱਤਾ ਸੀ। ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਮੁੰਬਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿਚ ਹੁਣ ਤੱਕ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
A Death Threat Sent To Salman Khan