January 17, 2025
ਜਾਪਾਨੀ ਮਸ਼ੀਨਾਂ ਨਾਲ ਕੀਤਾ ਜਾਵੇਗਾ ਡਾਇਲਸਿਸ
Admin / Punjab
ਜਗਰਾਓ (ਹੇਮ ਰਾਜ ਬੱਬਰ) : ਆਮ ਲੋਕਾਂ ਦੀ ਸੇਵਾ ਦੇ ਮਕਸਦ ਨੂੰ ਲੈ ਕੇ ਜਗਰਾਓ ਨੇੜੇ ਪਿੰਡ ਚੌਂਕੀਮਾਨ ਵਿਚ ਦੀਵਾਨ ਟੋਡਰ ਮੱਲ ਬੱਚਿਆਂ ਦਾ ਹਸਪਤਾਲ ਐਨਆਰਆਈ ਮਨਜੀਤ ਸਿੰਘ ਧਾਲੀਵਾਲ ਵੱਲੋਂ ਖੋਲ੍ਹਿਆ ਗਿਆ। ਇਸ ਹਸਪਤਾਲ ਵਿਚ ਜਿੱਥੇ ਬੱਚਿਆਂ ਦੀ ਹਰ ਬਿਮਾਰੀ ਦਾ ਇਲਾਜ ਮਾਹਿਰ ਡਾਕਟਰ ਕਰਨਗੇ, ਉਥੇ ਹੀ ਇਸ ਹਸਪਤਾਲ ਵਿਚ ਡਾਇਲਸਿਸ ਵੀ ਜਾਪਾਨੀ ਮਸ਼ੀਨਾਂ ਨਾਲ ਕੀਤਾ ਜਾਵੇਗਾ।
ਇਸ ਮੌਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਇਸ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਜਿਸ ਮੌਕੇ ਇਲਾਕੇ ਦੇ ਲੋਕ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਸਾਰਿਆਂ ਨੇ ਅਮਰੀਕਾ ਤੋਂ ਆਏ ਐਨਆਰਆਈ ਮਨਜੀਤ ਸਿੰਘ ਧਾਲੀਵਾਲ ਵੱਲੋਂ ਖੋਲ੍ਹੇ ਗਏ ਇਸ ਹਸਪਤਾਲ ਦੇ ਕੰਮ ਦੀ ਪੂਰੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਇਲਾਕੇ ਨੂੰ ਇਸ ਹਸਪਤਾਲ ਦੀ ਬਹੁਤ ਲੋੜ ਸੀ, ਕਿਉਂਕਿ ਜਿੱਥੇ ਇਸ ਇਲਾਕੇ ਦੇ 20 ਪਿੰਡਾਂ ਦੇ ਲੋਕ ਬੱਚਿਆਂ ਦੇ ਇਲਾਜ ਲਈ ਲੁਧਿਆਣਾ ਜਾਂਦੇ ਸਨ, ਹੁਣ ਉਨ੍ਹਾਂ ਨੂੰ ਲੁਧਿਆਣਾ ਜਾਣ ਦੀ ਲੋੜ ਨਹੀਂ ਪਵੇਗੀ ਤੇ ਜਿਹੜੇ ਲੋਕਾਂ ਨੂੰ ਡਾਇਲਸਿਸ ਦੀ ਲੋੜ ਹੁੰਦੀ ਹੈ। ਉਨ੍ਹਾਂ ਦਾ ਡਾਇਲਸਿਸ ਹੁਣ ਇਥੇ ਹੀ ਵਧੀਆ ਤਕਨੀਕ ਨਾਲ ਹੋ ਜਾਇਆ ਕਰੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਹਸਪਤਾਲ ਵਿਚ ਡਾਇਲਸਿਸ ਲਈ ਪੰਜ ਬੈਡ ਹਨ ਤੇ ਓਪੀਡੀ ਸਮੇਤ ਹਰ ਤਰ੍ਹਾਂ ਦੀਆਂ ਦਵਾਈਆਂ ਦਾ ਵੀ ਪੂਰਾ ਪ੍ਰਬੰਧ ਹੈ।ਇਸਦੇ ਨਾਲ ਹੀ ਜਲਦੀ ਹੀ ਇਥੇ ਚਾਰ ਮੰਜ਼ਿਲਾਂ ਬਿਲਡਿੰਗ ਵਿਚ 150 ਬੈਡ ਦਾ ਹਸਪਤਾਲ ਵੀ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਐਨਆਰਆਈ ਮਨਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਆਪਣੇ ਪਿੰਡ ਵਿਚ ਲੋਕਾਂ ਦੀ ਸੇਵਾ ਕਰਨ ਦਾ ਸੁਫ਼ਨਾ ਸੀ ਤੇ ਇਸ ਹਸਪਤਾਲ ਰਾਹੀਂ ਉਹ ਲੋਕ ਸੇਵਾ ਵੀ ਕਰਨਗੇ ਤੇ ਨੌਜ਼ਵਾਨਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾ ਸਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਜਿੱਥੇ ਮੈਡੀਕਲ ਸਹੂਲਤ ਦਿਨੋ ਦਿਨ ਮਹਿੰਗੀ ਹੁੰਦੀ ਜਾ ਰਹੀ ਹੈ ਤੇ ਲੋਕਾਂ ਨੂੰ ਆਪਣਾ ਇਲਾਜ ਕਰਵਾਉਣਾ ਔਖਾ ਹੁੰਦਾ ਜਾ ਰਿਹਾ ਹੈ। ਉਥੇ ਹੀ ਇਸ ਹਸਪਤਾਲ ਵਿਚ ਲੋਕਾਂ ਕੋਲੋਂ ਸਿਰਫ ਦਵਾਈਆਂ ਦੀ ਲਾਗਤ ਹੀ ਲਈ ਜਾਵੇਗੀ ਤੇ ਲੋੜਵੰਦ ਲੋਕਾਂ ਦਾ ਮੁਫ਼ਤ ਇਲਾਜ ਵੀ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਥੇ ਡਾਇਲਸਿਸ ਕਰਨ ਲਈ ਜਾਪਾਨੀ ਮਸ਼ੀਨਾਂ ਲਗਾਈਆਂ ਗਈਆਂ ਹਨ ਤੇ ਲੋੜਵੰਦ ਲੋਕ ਜਦੋਂ ਮਰਜ਼ੀ ਇਥੇ ਆ ਕੇ ਆਪਣਾ ਡਾਇਲਸਿਸ ਕਰਵਾ ਸਕਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਹਸਪਤਾਲ ਦੀ ਜ਼ਮੀਨ ਵੀ ਉਨ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਲਿਖਵਾਈ ਹੈ ਤੇ ਇਸ ਹਸਪਤਾਲ ਦਾ ਨਾਮ ਉਨ੍ਹਾਂ ਦੀਵਾਨ ਟੋਡਰ ਮੱਲ ਦੇ ਨਾਮ 'ਤੇ ਇਸ ਲਈ ਰੱਖਿਆ ਹੈ, ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਦੀ ਸਭ ਤੋਂ ਵੱਧ ਸੇਵਾ ਕਰਨ ਵਾਲੇ ਸਿੰਘ ਦੀਵਾਨ ਟੋਡਰ ਮੱਲ ਹੀ ਸਨ।
ਇਸ ਮੌਕੇ ਹਸਪਤਾਲ ਵਿਚ ਕੰਮ ਕਰਨ ਵਾਲੇ ਮਾਹਿਰ ਡਾਕਟਰਾਂ ਨੇ ਵੀ ਕਿਹਾ ਕਿ ਉਹ ਆਪਣੇ ਆਪਣੇ ਕੰਮ ਵਿਚ ਡਿਗਰੀ ਹੋਲਡਰ ਡਾਕਟਰ ਹਨ ਤੇ ਲੋਕ ਸੇਵਾ ਨੂੰ ਸਮਰਪਿਤ ਹੋ ਕੇ ਉਹ ਇਥੇ ਲੋਕਾਂ ਦੀ ਸੇਵਾ ਕਰਨ ਆਏ ਹਨ ਤੇ ਇਲਾਕਾ ਨਿਵਾਸੀ ਇਸ ਹਸਪਤਾਲ ਵਿਚ ਆ ਕੇ ਇਸਦਾ ਪੂਰਾ ਫਾਇਦਾ ਲੈ ਸਕਦੇ ਹਨ।
NRI Manjit Singh Dhaliwal Opens Children s Hospital Will Benefit The Area Greatly