February 11, 2025

Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਅਦਾਕਾਰ ਵਿੱਕੀ ਕੌਸ਼ਲ ਆਪਣੀ ਆਉਣ ਵਾਲੀ ਫਿਲਮ 'ਛਾਵਾ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਅਦਾਕਾਰ ਕੋਲਕਾਤਾ, ਪਟਨਾ ਤੋਂ ਬਾਅਦ ਹੁਣ ਸੋਮਵਾਰ ਨੂੰ ਸੁਨਹਿਰੀ ਨਗਰੀ ਅੰਮ੍ਰਿਤਸਰ ਪੁੱਜੇ, ਜਿੱਥੇ ਉਨ੍ਹਾਂ ਨੇ ਅਦਾਕਾਰਾ ਰਸ਼ਮੀਕਾ ਮੰਦਾਨਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਗੁਰੂ ਘਰ ਨਤਮਸਤਕ ਹੋਣ ਅਤੇ ਅਰਦਾਸ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਵਿੱਕੀ ਕੌਸ਼ਲ ਨੇ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਵਿਚ ਜਦੋਂ ਵੀ ਕੋਈ ਨਵਾਂ ਕੰਮ ਸ਼ੁਰੂ ਕਰਦਾ ਹੈ ਤਾਂ ਗੁਰੂ ਘਰ ਤੋਂ ਅਸ਼ੀਰਵਾਦ ਜ਼ਰੂਰ ਲੈਂਦਾ ਹੈ। ਉਹ ਜਦੋਂ ਵੀ ਕੋਈ ਨਵੀਂ ਫਿਲਮ ਸ਼ੁਰੂ ਕਰਦਾ ਹੈ ਤਾਂ ਗੁਰੂ ਘਰ ਨਤਮਸਤਕ ਜ਼ਰੂਰ ਹੁੰਦਾ ਹੈ। ਇਸ ਮੌਕੇ ਅਦਾਕਾਰਾ ਰਸ਼ਮਿਕਾ ਵੀ ਮੌਜੂਦ ਸੀ, ਜੋ ਵੀਲ੍ਹ ਚੇਅਰ ’ਤੇ ਸੀ। ਉਸ ਦੀ ਲੱਤ ਵਿਚ ਬੀਤੇ ਦਿਨੀਂ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਹ ਵੀਲ੍ਹ ਚੇਅਰ ’ਤੇ ਹੈ।
ਇਸ ਦੌਰਾਨ ਹਰਿਮੰਦਰ ਸਾਹਿਬ ਵਿਖੇ ਉਸ ਦੇ ਪ੍ਰਸ਼ੰਸਕਾਂ ਨੇ ਆਪੋ-ਆਪਣੇ ਅੰਦਾਜ਼ ਵਿੱਚ ਜੀ ਆਇਆਂ ਕਿਹਾ। ਵਿੱਕੀ ਨੇ ਵੀ ਉਨ੍ਹਾਂ ਨੂੰ ਹੱਸ ਕੇ ਜਵਾਬ ਦਿੱਤਾ। ਇਸ ਮੌਕੇ ਵਿੱਕੀ ਨੇ ਆਪਣੀ ਆਉਣ ਵਾਲੀ ਫਿਲਮ ਦੀ ਸਫਲਤਾ ਲਈ ਅਰਦਾਸ ਕੀਤੀ । ਮੀਡੀਆ ਨਾਲ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਉਸ ਲਈ ਵਿਸ਼ੇਸ਼ ਮਹੱਤਤਾ ਹੈ, ਇਹ ਉਸ ਨੂੰ ਆਪਣੇ ਘਰ ਅਤੇ ਆਪਣੇ ਪਿੰਡ ਵਾਂਗ ਲੱਗਦਾ ਹੈ। ਉਹ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਹੈ। ਇਸ ਤੋਂ ਬਾਅਦ ਦੋਵਾਂ ਨੇ ਇੱਥੋਂ ਦਾ ਆਲੂ ਕੁਲਚਾ ਅਤੇ ਪਰਾਂਠੇ ਵੀ ਖਾਧੇ। ਉਸ ਨੇ ਆਖਿਆ ਕਿ ਅੰਮ੍ਰਿਤਸਰ ਦੇ ਖਾਣੇ ਦਾ ਸਵਾਦ ਹੀ ਅਜਿਹਾ ਹੈ ਕਿ ਇਨ੍ਹਾਂ ਨੂੰ ਖਾਣ ਦੌਰਾਨ ਬਾਕੀ ਕੰਮ ਭੁੱਲ ਜਾਂਦਾ ਹੈ। ਇਸ ਮੌਕੇ ਉਸ ਨੇ ਆਪਣੀਆਂ ਕੁਝ ਫਿਲਮਾਂ ਬਾਰੇ ਵੀ ਚਰਚਾ ਕੀਤੀ ਅਤੇ ਆਪਣੇ ਤਜਰਬੇ ਵੀ ਸਾਂਝੇ ਕੀਤੇ।
Vicky Kaushal And Rashmika Mandanna Bowed At Sri Harmandir Sahib Prayed For The Success Of Their New Film
