September 16, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੂਬੇ ਭਰ ਵਿਚ ਮਾਲੀਆ ਉਗਰਾਹੀ ਵਧਾਉਣ ਲਈ ਪ੍ਰਾਪਰਟੀ ਦੇ ਕੁਲੈਕਟਰ ਰੇਟਾਂ ਵਿਚ ਵਾਧਾ ਕੀਤਾ ਗਿਆ ਸੀ। ਇਸੇ ਲੜੀ ਤਹਿਤ ਜਲੰਧਰ ਜ਼ਿਲ੍ਹੇ ਵਿਚ ਵੀ 24 ਅਗਸਤ 2024 ਨੂੰ ਜਾਇਦਾਦ ਦੇ ਕੁਲੈਕਟਰ ਰੇਟਾਂ ਵਿੱਚ 10 ਤੋਂ 70 ਫੀਸਦੀ ਤੱਕ ਦਾ ਭਾਰੀ ਵਾਧਾ ਕੀਤਾ ਗਿਆ ਸੀ। ਇਸ ਦੇ ਬਾਵਜੂਦ ਹੁਣ ਇਕ ਵਾਰ ਫਿਰ ਜ਼ਿਲ੍ਹੇ ਵਿੱਚ ਕੁਲੈਕਟਰ ਰੇਟਾਂ ਵਿੱਚ ਵਾਧਾ ਹੋਣ ਜਾ ਰਿਹਾ ਹੈ, ਜਿਸ ਕਾਰਨ ਆਮ ਆਦਮੀ ਨੂੰ ਅਗਲੇ ਕੁਝ ਦਿਨਾਂ ਵਿੱਚ ਰੈਵੇਨਿਊ ਵਿਭਾਗ ਵੱਲੋਂ ਨਵਾਂ ਝਟਕਾ ਲੱਗਣਾ ਯਕੀਨੀ ਹੈ, ਜਿਸ ਨਾਲ ਪ੍ਰਾਪਰਟੀ ਮਾਰਕੀਟ 'ਚ ਹਾਹਾਕਾਰ ਮਚਣਾ ਤੈਅ ਹੈ।
ਪੰਜਾਬ ਵਿਕਾਸ ਕਮਿਸ਼ਨ (ਪੀਡੀਸੀ) ਦੀਆਂ ਸਿਫ਼ਾਰਸ਼ਾਂ 'ਤੇ ਕੀਤਾ ਜਾ ਰਿਹਾ ਕੁਲੈਕਟਰ ਰੇਟਾਂ ਵਿਚ ਵਾਧਾ
ਇਸ ਵਾਰ ਕੁਲੈਕਟਰ ਰੇਟਾਂ ਵਿੱਚ ਵਾਧਾ ਪੰਜਾਬ ਵਿਕਾਸ ਕਮਿਸ਼ਨ (ਪੀਡੀਸੀ) ਦੀਆਂ ਸਿਫ਼ਾਰਸ਼ਾਂ 'ਤੇ ਕੀਤਾ ਜਾ ਰਿਹਾ ਹੈ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਤੰਬਰ 2023 ਵਿੱਚ ਕੇਂਦਰੀ ਨੀਤੀ ਆਯੋਗ ਦੀ ਤਰਜ਼ 'ਤੇ ਪੰਜਾਬ ਦੇ ਆਪਣੇ ਵਿਕਾਸ ਪੈਨਲ ਪੀਡੀਸੀ ਗਠਿਤ ਕੀਤਾ ਹੈ। ਪੀਡੀਸੀ ਰਾਜ ਦੀਆਂ ਵਿਕਾਸ ਲੋੜਾਂ ਦਾ ਸਮਰਥਨ ਕਰਨ ਅਤੇ ਰੰਗਲਾ ਪੰਜਾਬ ਦੇ ਰਾਜ ਦੇ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਬਦਲਣ ਲਈ ਇੱਕ ਸੁਤੰਤਰ "ਐਕਸ਼ਨ-ਅਧਾਰਤ ਥਿੰਕ ਟੈਂਕ" ਕਿਹਾ ਜਾ ਰਿਹਾ ਹੈ। ਉਕਤ ਪੀਡੀਸੀ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਨੂੰ ਸਿੱਧੇ ਤੌਰ 'ਤੇ ਰਿਪੋਰਟ ਕਰਦਾ ਹੈ ਅਤੇ ਇੱਕ ਸਿੰਗਲ ਬਾਡੀ ਵਜੋਂ ਦੇਖਿਆ ਜਾਂਦਾ ਹੈ। ਪਿਛਲੇ ਮਹੀਨੇ ਹੀ ਜ਼ਿਲ੍ਹੇ ਵਿੱਚ ਨਵੇਂ ਕੁਲੈਕਟਰ ਰੇਟ ਲਾਗੂ ਹੋਣ ਤੋਂ ਬਾਅਦ ਸੂਚੀਆਂ ਪੀਡੀਸੀ ਦੇ ਕੋਲ ਪਹੁੰਚੀ, ਜਿਸ ਦਾ ਰੀਵਿਊ ਲੈਣ ਉਪਰੰਤ ਪੀ.ਡੀ.ਸੀ. ਨੇ ਡਿਪਟੀ ਕਮਿਸ਼ਨਰ ਨੂੰ ਕਈ ਇਲਾਕਿਆਂ ਦੇ ਕੁਲੈਕਟਰ ਰੇਟਾਂ ਵਿੱਚ ਮੁੜ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪਰ ਰਾਹਤ ਦੀ ਗੱਲ ਇਹ ਹੈ ਕਿ ਸਾਲ 2024-25 ਲਈ ਕੁਝ ਦਿਨ ਪਹਿਲਾਂ ਲਾਗੂ ਕੀਤੇ ਗਏ ਨਵੇਂ ਕੁਲੈਕਟਰ ਰੇਟਾਂ ਤੋਂ ਬਾਅਦ ਹੁਣ ਨਵੇਂ ਕੁਲੈਕਟਰ ਰੇਟ ਪੂਰੇ ਜ਼ਿਲੇ 'ਚ ਲਾਗੂ ਨਹੀਂ ਹੋਣਗੇ, ਸਗੋਂ ਸਿਰਫ ਉਨ੍ਹਾਂ ਚੁਣੀਆਂ ਹੋਈਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ 'ਚ ਹੀ ਲਾਗੂ ਹੋਣਗੇ ਜਿਨ੍ਹਾਂ ਦੀ ਸਿਫਾਰਿਸ਼ ਪੀਡੀਸੀ ਨੇ ਕੀਤੀ ਹੈ। ਸ਼ਹਿਰੀ ਅਤੇ ਪੇਂਡੂ ਰਿਹਾਇਸ਼ੀ ਜ਼ਮੀਨਾਂ ਤੋਂ ਇਲਾਵਾ ਇਸ ਸੂਚੀ ਵਿੱ ਸ਼ਾਮਲ ਜਾਇਦਾਦਾਂ ਵਿੱਚ ਵਪਾਰਕ, ਉਦਯੋਗਿਕ ਜ਼ੋਨ ਅਤੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਵੀ ਸ਼ਾਮਲ ਹਨ।
In Punjab The Collector Rates Have Started To Increase Now The Property Will Have To Be Bought Expensively