November 2, 2024
Admin / International
ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਵਾਸ਼ਿੰਗਟਨ ਦੇ ਸ਼ਹਿਰ ਬੋਥਲ ਦੇ ਗੁਰਦੁਆਰਾ ਸਿੱਖ ਸੈਂਟਰ ਓਫ ਸਿਆਟਲ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਦੂਰ-ਦੁਰਾਡੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਸੰਗਤਾਂ ਨੇ ਗੁਰੂਘਰ ਮੱਥਾ ਟੇਕ ਆਪਣਾ ਜੀਵਨ ਸਫਲ ਬਣਾਇਆ।
ਸਮਾਗਮ ਦੌਰਾਨ ਸਾਰਾ ਦਿਨ ਗੁਰਦੁਆਰਾ ਸਾਹਿਬ ਵਿਚ ਰੌਣਕਾਂ ਲੱਗੀਆਂ ਰਹੀਆਂ। ਸਾਰਾ ਦਿਨ ਕੀਰਤਨ ਹੋਇਆ। ਅੰਤ ਵਿਚ ਸੰਗਤ ਨੂੰ ਅਟੁੱਟ ਲੰਗਰ ਵਰਤਾਇਆ ਗਿਆ। ਲੰਗਰ ਵਿਚ ਛੋਟੇ ਬੱਚਿਆਂ ਤੋਂ ਲੈ ਕੇ ਹਰ ਇਕ ਨੇ ਸੇਵਾ ਕਰਕੇ ਅਨੰਦ ਮਾਣਿਆ। ਇਸ ਧਾਰਮਿਕ ਸਮਾਗਮ ਦੀ ਖਾਸ ਗੱਲ ਇਹ ਸੀ ਕਿ ਇਥੇ ਪਟਾਕੇ ਰਹਿਤ ਦੀਵਾਲੀ ਮਨਾਈ ਗਈ। ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਚ ਪਹੁੰਚ ਤੇ ਦੀਵੇ ਜਗਾਏ ਤੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ । ਇਸ ਦੌਰਾਨ ਪ੍ਰਬੰਧਕਾਂ ਨੇ ਆਈ ਹੋਈ ਸੰਗਤ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ।
Bandi Chhor Divas And Diwali Were Celebrated With Devotion And Enthusiasm In The City Of Bothel Washington