November 28, 2024
Admin / International
ਮਿਲਾਨ, ਇਟਲੀ ( ਸਾਬੀ ਚੀਨੀਆ ): ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੁਆਰਾ ਚਲਾਏ ਗਏ ਕੈਂਪਾਂ ਦੀ ਲੜੀ ਤਹਿਤ ਇਟਲੀ ਦੇ ਇੰਡਸਟੀਰੀਅਲ ਸ਼ਹਿਰ ਬਰੇਸ਼ੀਆ ਵਿਖੇ ਪਾਸਪੋਰਟ ਕੈਂਪ ਲਗਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਪਹੁੰਚ ਕੇ ਕੈਂਪ ਦੀਆਂ ਸੇਵਾਵਾਂ ਦਾ ਲਾਭ ਲਿਆ । ਇਸ ਕੈਂਪ ਦੌਰਾਨ ਲਗਪਗ 600 ਦੇ ਕਰੀਬ ਭਾਰਤੀਆਂ ਨੇ ਪਾਸਪੋਰਟ ਨਵਿਆਉਣ, ਓਸੀਆਈਜ਼ ਅਤੇ ਹੋਰਨਾਂ ਕੌਂਸਲਰ ਸੇਵਾਵਾਂ ਲਈ ਅਰਜ਼ੀਆਂ ਦਿੱਤੀਆਂ। ਮਿਲਾਨ ਕੌਂਸਲੇਟ ਵੱਲੋਂ ਪਹੁੰਚੇ ਸਟਾਫ ਅਤੇ ਅਧਿਕਾਰੀਆਂ ਦਾ ਕੈਂਪ ਦੇ ਪ੍ਰਬੰਧਕਾਂ ਦੁਆਰਾ ਭਰਪੂਰ ਸਵਾਗਤ ਕੀਤਾ ਗਿਆ। ਇਸ ਦੌਰਾਨ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਬਰੇਸ਼ੀਆ ਕਮੂਨੇ ਵੱਲੋਂ ਨੁਮਾਇੰਦੇ ਮਾਰਕੋ ਫੇਨਾਰੋਲੀ ਨੇ ਵੀ ਕੈਂਪ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਕੈਂਪ ਵਿਚ ਅਰਜ਼ੀਆਂ ਦੇਣ ਪੁੱਜੇ ਭਾਰਤੀਆਂ ਨੇ ਭਾਰਤੀ ਕੌਂਸਲੇਟ ਮਿਲਾਨ ਦੇ ਸਮੁੱਚੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਤਵਾਰ ਛੁੱਟੀ ਵਾਲੇ ਦਿਨ ਉਨ੍ਹਾਂ ਨੂੰ ਕੌਂਸਲਰ ਸੇਵਾਵਾਂ ਦੀਆ ਅਰਜ਼ੀਆਂ ਦੇਣ ਲਈ ਵਧੀਆ ਮੌਕਾ ਮਿਲਿਆ ਹੈ। ਦੱਸਣਯੋਗ ਹੈ ਕਿ ਮਿਲਾਨ ਕੌਂਸਲੇਟ ਦੁਆਰਾ ਇਟਲੀ ਰਹਿੰਦੇ ਭਾਰਤੀਆਂ ਨੂੰ ਬਿਹਤਰੀਨ ਪਾਸਪੋਰਟ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਉੱਤਰੀ ਇਟਲੀ ਦੇ ਵੱਖ-ਵੱਖ ਇਲਾਕਿਆਂ ਵਿਚ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਦਾ ਇੱਥੇ ਰਹਿੰਦੇ ਭਾਰਤੀਆਂ ਨੂੰ ਖੂਬ ਲਾਭ ਮਿਲ ਰਿਹਾ ਹੈ।
Passport Related Problems Resolved On The Spot At Italian Consulate Camp