December 11, 2024
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਸੀਰੀਆ ਵਿਚ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਦੇ ਡਿੱਗਣ ਤੋਂ ਬਾਅਦ ਵਿਗੜਦੇ ਹਾਲਾਤ ਦਰਮਿਆਨ ਭਾਰਤ ਨੇ ਮੰਗਲਵਾਰ ਨੂੰ 75 ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਿਆ। ਵਿਦੇਸ਼ ਮੰਤਰਾਲੇ (MEA) ਨੇ ਬੁੱਧਵਾਰ ਨੂੰ ਸਫਲ ਆਪ੍ਰੇਸ਼ਨ ਦੀ ਪੁਸ਼ਟੀ ਕੀਤੀ।
ਵਿਦੇਸ਼ ਮੰਤਰਾਲੇ ਮੁਤਾਬਕ ਸਾਰੇ ਭਾਰਤੀ ਨਾਗਰਿਕਾਂ ਨੂੰ ਸੀਰੀਆ ਤੋਂ ਸੁਰੱਖਿਅਤ ਕੱਢ ਕੇ ਲੈਬਨਾਨ ਪਹੁੰਚਾਇਆ ਗਿਆ ਹੈ। ਹੁਣ ਉਹ ਜਲਦੀ ਹੀ ਵਪਾਰਕ ਉਡਾਣਾਂ ਰਾਹੀਂ ਭਾਰਤ ਪਰਤਣਗੇ। ਇਨ੍ਹਾਂ ਨਾਗਰਿਕਾਂ ਵਿਚ ਜੰਮੂ-ਕਸ਼ਮੀਰ ਦੇ 44 ਸ਼ਰਧਾਲੂ ਵੀ ਸ਼ਾਮਲ ਸੀ ਜੋ ਸਈਦਾ ਜ਼ੈਨਬ ਵਿਚ ਫਸੇ ਹੋਏ ਸੀ।
ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੇ ਭਾਰਤੀ ਨਾਗਰਿਕ ਲੇਬਨਾਨ ਵਿਚ ਸੁਰੱਖਿਅਤ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ ਜਾਵੇਗਾ। ਦਮਿਸ਼ਕ ਅਤੇ ਬੇਰੂਤ ਵਿਚ ਭਾਰਤੀ ਦੂਤਾਵਾਸਾਂ ਨੇ ਇਸ ਮੁਹਿੰਮ ਦਾ ਤਾਲਮੇਲ ਕੀਤਾ।
ਸੀਰੀਆ ਵਿਚ ਸਥਿਤੀ ਉਦੋਂ ਵਿਗੜ ਗਈ ਜਦੋਂ ਬਾਗੀ ਸਮੂਹ ਹਯਾਤ ਤਹਿਰੀਰ ਅਲ-ਸ਼ਾਮ (ਐੱਚਟੀਐੱਸ) ਨੇ ਦਮਿਸ਼ਕ ਉੱਤੇ ਕਬਜ਼ਾ ਕਰ ਲਿਆ ਤੇ ਰਾਸ਼ਟਰਪਤੀ ਅਸਦ ਦੇ ਲਗਪਗ 14 ਸਾਲਾਂ ਦੇ ਸ਼ਾਸਨ ਦਾ ਅੰਤ ਹੋ ਗਿਆ । ਦੱਸਿਆ ਜਾਂਦਾ ਹੈ ਕਿ ਅਸਦ ਨੇ ਦੇਸ਼ ਛੱਡ ਕੇ ਰੂਸ ਵਿਚ ਸ਼ਰਨ ਲਈ ਹੈ।
ਭਾਰਤ ਨੇ ਸੀਰੀਆ ਵਿਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਮਿਸ਼ਕ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਵਿਚ ਰਹਿਣ। ਇਸਦੇ ਲਈ, ਇੱਕ ਐਮਰਜੈਂਸੀ ਹੈਲਪਲਾਈਨ ਨੰਬਰ (+963 993385973) ਅਤੇ ਈਮੇਲ ਜਾਰੀ ਕੀਤਾ ਗਿਆ ਹੈ।
ਭਾਰਤ ਨੇ ਇਸ ਸੰਕਟ ਦੌਰਾਨ ਸ਼ਾਂਤੀਪੂਰਨ ਅਤੇ ਸਮਾਵੇਸ਼ੀ ਰਾਜਨੀਤਿਕ ਤਬਦੀਲੀ ਦਾ ਸਮਰਥਨ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਥਿਤੀ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ ਅਤੇ ਸੀਰੀਆ ਦੇ ਲੋਕਾਂ ਲਈ ਲੋਕ-ਸੰਚਾਲਿਤ ਹੱਲ ਦੀ ਵਕਾਲਤ ਕਰੇਗਾ।
India Evacuates 75 Of Its Citizens From Syria Will Return Home Via Lebanon