January 2, 2025
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਦੇ ਨਿਊ ਓਰਲੀਨਜ਼ ਵਿਚ ਅੱਤਵਾਦੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਵਿਚ ਹੁਣ ਤੱਕ 15 ਲੋਕਾਂ ਦੀ ਮੌਤ ਤੇ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਅਮਰੀਕਾ ਦੇ ਨਿਊ ਓਰਲੀਨਜ਼ ਵਿਚ ਨਵੇਂ ਸਾਲ ਦਾ ਜਸ਼ਨ ਮਨਾ ਰਹੀ ਲੋਕਾਂ ਦੀ ਭੀੜ ਉੱਤੇ ਇਕ ਟਰੱਕ ਚੜ੍ਹਾ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੇ ਆਪਣੀ ਗੱਡੀ ਭੀੜ ਵੱਲ ਮੋੜ ਦਿੱਤੀ। ਇਸ ਤੋਂ ਬਾਅਦ ਉਹ ਲੋਕਾਂ ਨੂੰ ਕੁਚਲਦਾ ਹੋਇਆ ਨਿਕਲ ਗਿਆ। ਇਸ ਹਮਲੇ ਵਿਚ 15 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਜ਼ਿਆਦਾ ਜ਼ਖਮੀ ਹੋ ਗਏ। ਭੀੜ ਨੂੰ ਕੁਚਲਣ ਵਾਲੇ ਟਰੱਕ ਵਿਚ ਅੱਤਵਾਦੀ ਸੰਗਠਨ ਆਈਐੱਸਆਈਐੱਸ ਦਾ ਝੰਡਾ ਮਿਲਿਆ ਸੀ। ਅਜਿਹੇ 'ਚ ਐਫਬੀਆਈ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਮੰਨਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਿਰਫ ਅੱਤਵਾਦੀ ਹਮਲਾ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਭੀੜ ਨੂੰ ਕੁਚਲਣ ਵਾਲੇ ਟਰੱਕ ਵਿਚ ਇਸਲਾਮਿਕ ਸਟੇਟ ਦਾ ਝੰਡਾ ਅਤੇ ਹਥਿਆਰ ਮਿਲੇ ਹਨ। ਡਰਾਈਵਰ ਦਾ ਨਾਂ ਸ਼ਮਸੂਦੀਨ ਜੱਬਾਰ ਹੈ। ਇਸ ਹਮਲੇ ਤੋਂ ਬਾਅਦ ਡੋਨਾਲਡ ਟਰੰਪ ਨੇ ਕਿਹਾ ਕਿ ਦੇਸ਼ 'ਚ ਅਪਰਾਧੀ ਦਾਖਲ ਹੋ ਰਹੇ ਹਨ ਅਤੇ ਅਸੀਂ ਕੁਝ ਨਹੀਂ ਕਰ ਰਹੇ।
ਮੁਲਜ਼ਮ ਡਰਾਈਵਰ ਜੱਬਾਰ ਦੀ ਮੌਤ
ਐਫਬੀਆਈ ਨੇ ਹਮਲਾਵਰ ਦੀ ਪਛਾਣ ਸ਼ਮਸੂਦ-ਦੀਨ ਜੱਬਾਰ (42) ਵਜੋਂ ਕੀਤੀ ਹੈ, ਜੋ ਟੈਕਸਾਸ ਦਾ ਅਮਰੀਕੀ ਨਾਗਰਿਕ ਹੈ। ਇਸ ਦੇ ਨਾਲ ਹੀ ਜੱਬਾਰ ਸਾਬਕਾ ਫੌਜੀ ਵੀ ਹੈ। ਮੰਨਿਆ ਜਾ ਰਿਹਾ ਹੈ ਕਿ ਜੱਬਾਰ ਹਿਊਸਟਨ ਵਿਚ ਰੀਅਲ ਅਸਟੇਟ ਏਜੰਟ ਵਜੋਂ ਵੀ ਕੰਮ ਕਰਦਾ ਸੀ। ਇਸ ਦੇ ਨਾਲ, ਆਈਟੀ ਮਾਹਰ ਵਜੋਂ ਕੰਮ ਕਰ ਚੁੱਕਾ ਸੀ। ਐਫਬੀਆਈ ਨੇ ਕਿਹਾ ਕਿ ਬੁੱਧਵਾਰ ਨੂੰ ਫ੍ਰੈਂਚ ਕੁਆਰਟਰ ਵਿੱਚ ਬੋਰਬਨ ਸਟਰੀਟ ਉੱਤੇ ਕਰੀਬ 3:15 ਵਜੇ ਦੇ ਕਰੀਬ ਹੋਏ ਹਮਲੇ ਤੋਂ ਬਾਅਦ ਪੁਲਿਸ ਨਾਲ ਹੋਈ ਗੋਲੀਬਾਰੀ ਵਿਚ ਮੁਲਜ਼ਮ ਡਰਾਈਵਰ ਦੀ ਮੌਤ ਹੋ ਗਈ। ਐਫਬੀਆਈ ਨੇ ਇਕ ਬਿਆਨ ਵਿਚ ਕਿਹਾ ਕਿ ਸਾਡੀ ਟੀਮ ਜੱਬਾਰ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਵਿਚ ਜੁਟੀ ਹੋਈ ਹੈ। ਇਸ ਦਾ ਕਾਰਨ ਇਹ ਹੈ ਕਿ ਜੱਬਾਰ ਦੇ ਟਰੱਕ 'ਚੋਂ ਇਸਲਾਮਿਕ ਸਟੇਟ ਸਮੂਹ ਦਾ ਝੰਡਾ ਬਰਾਮਦ ਕੀਤਾ ਗਿਆ ਹੈ।
ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ : ਬਾਇਡਨ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਐਫਬੀਆਈ ਜਾਂਚ ਵਿਚ ਵੱਡੀ ਭੂਮਿਕਾ ਨਿਭਾਅ ਰਹੀ ਹੈ। ਘਟਨਾ ਦੀ ਜਾਂਚ ਅੱਤਵਾਦ ਵਜੋਂ ਕੀਤੀ ਜਾ ਰਹੀ ਹੈ। ਮੈਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਜੋ ਸਿਰਫ਼ ਛੁੱਟੀਆਂ ਮਨਾ ਰਹੇ ਸੀ। ਅਸੀਂ ਆਪਣੇ ਦੇਸ਼ ਦੇ ਕਿਸੇ ਵੀ ਭਾਈਚਾਰੇ 'ਤੇ ਕਿਸੇ ਵੀ ਹਮਲੇ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਐਲੋਨ ਮਸਕ ਨੇ ਕੀਤਾ ਸਨਸਨੀਖੇਜ਼ ਦਾਅਵਾ
ਇਸ ਦੌਰਾਨ ਟੇਸਲਾ ਦੇ ਸੀਈਓ ਐਲੋਨ ਮਸਕ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਦੇ ਲਾਸ ਵੇਗਾਸ ਵਿਚ ਟਰੰਪ ਟਾਵਰ ਦੇ ਬਾਹਰ ਸਾਈਬਰ ਟਰੱਕ ਧਮਾਕਾ ਅਤੇ ਨਿਊ ਓਰਲੀਨਜ਼ ਵਿਚ ਹੋਏ ਹਮਲੇ ਦਾ ਸਬੰਧ ਹੋ ਸਕਦਾ ਹੈ। ਅਸਲ ਵਿਚ, ਮਸਕ ਨੇ ਕਿਹਾ ਹੈ ਕਿ ਲਾਸ ਵੇਗਾਸ ਵਿਚ ਧਮਾਕਾ ਕਰਨ ਵਾਲੇ ਸਾਈਬਰ ਟਰੱਕ ਅਤੇ ਨਿਊ ਓਰਲੀਨਜ਼ ਸ਼ਹਿਰ ਵਿਚ ਭੀੜ ਨੂੰ ਜਿਸ ਤਰ੍ਹਾਂ ਟਰੱਕ ਨੇ ਕੁਚਲਿਆ ਹੈ। ਇਹ ਦੋਵੇਂ ਵਾਹਨ ਇਕੋ ਕਾਰ ਰੇਂਟ ਵੈੱਬਸਾਈਟ ਤੋਂ ਕਿਰਾਏ 'ਤੇ ਲਏ ਗਏ ਸੀ।
Terrorist Attack During New Year s Celebrations In New Orleans 15 Dead So Far More Than 30 Injured ISIS Flag Found In Truck