February 13, 2025

Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਫਲੋਰੀਡਾ ਤੋਂ ਟੈਕਸਾਸ ਹੁੰਦੇ ਹੋਏ ਮੈਕਸੀਕੋ ਤੱਕ ਫੈਲੇ ਜਲਘਰ ਦਾ ਨਾਂ ਅਮਰੀਕਾ ਨੇ 'ਗਲਫ ਆਫ ਮੈਕਸੀਕੋ' ਤੋਂ ਬਦਲਕੇ 'ਗਲਫ ਆਫ ਅਮਰੀਕਾ' ਰੱਖਣ ਦਾ ਫੈਸਲਾ ਕੀਤਾ ਹੈ ਅਤੇ ਦੂਜੇ ਦੇਸ਼ਾਂ 'ਤੇ ਅਜਿਹਾ ਕਰਨ ਲਈ ਦਬਾਅ ਬਣਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫਤਰ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਸੱਚ ਹੈ ਕਿ ਲੁਈਸਿਆਨਾ ਦੇ ਤੱਟ ਦੇ ਨੇੜੇ ਜਲਘਰ ਨੂੰ 'ਅਮਰੀਕਾ ਦੀ ਖਾੜੀ' ਕਿਹਾ ਜਾਵੇਗਾ। ਇਸ ਪ੍ਰਸ਼ਾਸਨ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਇਸਨੂੰ (ਖਾੜੀ ਦਾ ਨਾਮ) ਨਾ ਸਿਰਫ਼ ਇੱਥੋਂ ਦੇ ਲੋਕਾਂ ਲਈ, ਸਗੋਂ ਬਾਕੀ ਦੁਨੀਆ ਲਈ ਬਦਲੀਏ।
ਟਰੰਪ ਨੇ ਬਣਾਈ ਸੀ ਨਾਮ ਬਦਲਣ ਦੀ ਯੋਜਨਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਆਪਣੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ 'ਅਮਰੀਕਾ ਦੀ ਖਾੜੀ' ਰੱਖਣ ਦੀ ਯੋਜਨਾ ਦਾ ਐਲਾਨ ਕੀਤਾ ਸੀ ਅਤੇ ਅਹੁਦਾ ਸੰਭਾਲਦੇ ਹੀ ਉਨ੍ਹਾਂ ਨੇ ਅਜਿਹਾ ਕਰਨ ਲਈ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਸੀ। ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬਾਮ ਨੇ ਟਰੰਪ ਦੇ ਇਸ ਕਦਮ ਨੂੰ ਰੱਦ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਖਾੜੀ ਦੇ ਅਮਰੀਕੀ ਹਿੱਸੇ ਲਈ ਆਪਣੀ ਪਸੰਦ ਦੇ ਨਾਂ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਨੇ ਟਰੰਪ ਦੁਆਲਾ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕਰਨ ਦੇ ਤੁਰੰਤ ਬਾਅਦ ਕਿਹਾ ਕਿ ਸਾਡੇ ਲਈ, ਇਹ ਅਜੇ ਵੀ ਮੈਕਸੀਕੋ ਦੀ ਖਾੜੀ ਹੈ ਅਤੇ ਪੂਰੀ ਦੁਨੀਆ ਲਈ, ਇਹ ਅਜੇ ਵੀ ਮੈਕਸੀਕੋ ਦੀ ਖਾੜੀ ਹੈ। ਗੂਗਲ ਮੈਪਸ ਨੇ ਅਮਰੀਕਾ 'ਚ ਯੂਜ਼ਰਜ਼ ਲਈ 'ਅਮਰੀਕਾ ਦੀ ਖਾੜੀ' ਨਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਅਜਿਹੇ ਮਾਮਲਿਆਂ 'ਚ ਅਮਰੀਕੀ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਉਸ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਰਹੀ ਹੈ।
US Changes Name Of Gulf Of Mexico Now It Will Be Called Gulf Of America White House
