March 7, 2025

Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਡੈਨਮਾਰਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ਨੂੰ ਅਮਰੀਕਾ ਵਿਚ ਸ਼ਾਮਲ ਕਰਨ ਲਈ ਕੀਤੀਆਂ ਗਈਆਂ ਨਵੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿੱਤਾ ਹੈ। ਟਰੰਪ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਗ੍ਰੀਨਲੈਂਡ ਦੇ ਲੋਕਾਂ ਦੇ ਆਪਣੇ ਭਵਿੱਖ ਨੂੰ ਨਿਰਧਾਰਤ ਕਰਨ ਦੇ ਅਧਿਕਾਰ ਦਾ "ਪੁਰਜ਼ੋਰ ਸਮਰਥਨ" ਕਰੇਗਾ। ਉਸ ਨੇ ਕਿਹਾ ਕਿ ਜੇ ਤੁਸੀਂ ਚਾਹੋ ਤਾਂ ਅਸੀਂ ਤੁਹਾਡਾ ਅਮਰੀਕਾ ਵਿਚ ਸਵਾਗਤ ਕਰਦੇ ਹਾਂ।
ਡੈਨਮਾਰਕ ਦੇ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਟਰੰਪ ਦੇ ਬਿਆਨ ਨੂੰ ਲੈ ਕੇ ਡੈਨਮਾਰਕ ਦੀ ਸਥਿਤੀ ਨੂੰ ਸਪੱਸ਼ਟ ਕੀਤਾ ਤੇ ਕਿਹਾ ਕਿ ਗ੍ਰੀਨਲੈਂਡ ਦੇ ਭਵਿੱਖ ਦਾ ਫੈਸਲਾ ਉਥੋਂ ਦੇ ਲੋਕ ਹੀ ਕਰਨਗੇ। ਉਨ੍ਹਾਂ ਕਿਹਾ ਕਿ 'ਗ੍ਰੀਨਲੈਂਡ' ਗ੍ਰੀਨਲੈਂਡ ਦੇ ਲੋਕਾਂ ਦਾ ਹੈ। ਇਹ ਇੱਕ ਅਜਿਹਾ ਰਵੱਈਆ ਹੈ ਜਿਸਦਾ ਅਸੀਂ ਡੈਨਮਾਰਕ ਦੀ ਸਰਕਾਰ ਦੀ ਤਰਫੋਂ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂ।
ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਗ੍ਰੀਨਲੈਂਡ ਦੇ ਲੋਕ ਅਮਰੀਕਾ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਡੈਨਮਾਰਕ ਦੇ ਰੱਖਿਆ ਮੰਤਰੀ ਟ੍ਰੋਇਲਜ਼ ਲੰਡ ਪੋਲਸਨ ਨੇ ਵੀ ਇਸ ਗੱਲ ਨੂੰ ਦੁਹਰਾਇਆ ਅਤੇ ਕਿਹਾ ਕਿ 'ਗ੍ਰੀਨਲੈਂਡ ਕਦੇ ਵੀ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ, ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਹੈ, 1953 ਤੱਕ ਡੈਨਮਾਰਕ ਦੀ ਬਸਤੀ ਸੀ। ਉਸ ਤੋਂ ਬਾਅਦ ਇਹ ਡੈਨਮਾਰਕ ਦਾ ਅਨਿੱਖੜਵਾਂ ਅੰਗ ਬਣ ਗਿਆ ਅਤੇ ਗ੍ਰੀਨਲੈਂਡ ਦੇ ਲੋਕਾਂ ਨੂੰ ਡੈਨਮਾਰਕ ਦੀ ਨਾਗਰਿਕਤਾ ਮਿਲ ਗਈ।
ਗ੍ਰੀਨਲੈਂਡ ਨੇ 1979 ਵਿੱਚ ਸਵੈ-ਸ਼ਾਸਨ ਹਾਸਲ ਕੀਤਾ, ਪਰ ਡੈਨਮਾਰਕ ਨੇ ਆਪਣੀ ਵਿਦੇਸ਼ ਅਤੇ ਰੱਖਿਆ ਨੀਤੀ ਉੱਤੇ ਅਧਿਕਾਰ ਬਰਕਰਾਰ ਰੱਖਿਆ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਦੀ ਗੱਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਡੈਨਮਾਰਕ ਨੇ ਇਸ ਵਿਚਾਰ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਗ੍ਰੀਨਲੈਂਡ ਵਿਕਰੀ ਲਈ ਨਹੀਂ ਹੈ।
ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਏਗੇਡੇ ਨੇ ਬੁੱਧਵਾਰ ਨੂੰ ਫਿਰ ਕਿਹਾ ਕਿ ਗ੍ਰੀਨਲੈਂਡ ਦੇ ਲੋਕ ਆਪਣੇ ਭਵਿੱਖ ਦਾ ਫੈਸਲਾ ਖੁਦ ਕਰਨਗੇ ਅਤੇ ਉਹ ਨਾ ਤਾਂ ਡੈਨਿਸ਼ ਬਣਨਾ ਚਾਹੁੰਦੇ ਹਨ ਅਤੇ ਨਾ ਹੀ ਅਮਰੀਕੀ । ਉਸਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਅਸੀਂ ਨਾ ਅਮਰੀਕੀ ਬਣਨਾ ਚਾਹੁੰਦੇ ਹਾਂ, ਨਾ ਹੀ ਡੈਨਿਸ਼, ਅਸੀਂ ਕਲਾਲਿਤ (ਗ੍ਰੀਨਲੈਂਡਰ) ਹਾਂ। ਅਮਰੀਕੀਆਂ ਅਤੇ ਉਨ੍ਹਾਂ ਦੇ ਨੇਤਾਵਾਂ ਨੂੰ ਇਹ ਸਮਝਣਾ ਚਾਹੀਦਾ ਹੈ।
Greenlanders Do Not Want To Be Part Of America Denmark s Blunt Response To Trump