January 22, 2026
Punjabਪੰਜਾਬ 'ਚ ਸਿਹਤ ਕ੍ਰਾਂਤੀ ਦਾ ਆਗਾਜ਼: ਮਾਨ ਤੇ ਕੇਜਰੀਵਾਲ ਨੇ ਲਾਂਚ ਕੀਤੀ 10 ਲੱਖ ਵਾਲੀ ਸਕੀਮ; ਹੁਣ ਹਰ ਪੰਜਾਬੀ ਦਾ ਇਲਾਜ ਹੋਵੇਗਾ ਮੁਫ਼ਤ
Live Punjabi TV Bureau
ਮੋਹਾਲੀ, 22 ਜਨਵਰੀ: ਪੰਜਾਬ ਦੇ ਇਤਿਹਾਸ ਵਿੱਚ ਅੱਜ ਸਿਹਤ ਸਹੂਲਤਾਂ ਨੂੰ ਲੈ ਕੇ ਇੱਕ ਨਵਾਂ ਅਧਿਆਇ ਜੁੜ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਮੋਹਾਲੀ ਵਿਖੇ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਦਾ ਰਸਮੀ ਉਦਘਾਟਨ ਕਰ ਦਿੱਤਾ ਹੈ। ਇਸ ਮੌਕੇ ਸਟੇਜ 'ਤੇ ਮਨੀਸ਼ ਸਿਸੋਦੀਆ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਅਮਨ ਅਰੋੜਾ ਅਤੇ ਸਤੇਂਦਰ ਜੈਨ ਸਮੇਤ ਕਈ ਦਿੱਗਜ ਆਗੂ ਮੌਜੂਦ ਰਹੇ। ਸਮਾਗਮ ਦੌਰਾਨ ਮੁੱਖ ਮੰਤਰੀ ਅਤੇ ਕੇਜਰੀਵਾਲ ਨੇ ਖੁਦ ਲਾਭਪਾਤਰੀਆਂ ਨੂੰ ਕਾਰਡ ਵੰਡ ਕੇ ਇਸ ਇਤਿਹਾਸਕ ਸਕੀਮ ਦੀ ਸ਼ੁਰੂਆਤ ਕੀਤੀ।
3 ਕਰੋੜ ਪੰਜਾਬੀਆਂ ਨੂੰ ਮਿਲੇਗਾ 10 ਲੱਖ ਦਾ ਕਵਰ
ਇਸ ਯੋਜਨਾ ਦੇ ਲਾਗੂ ਹੋਣ ਨਾਲ ਸੂਬੇ ਦੇ ਕਰੀਬ 65 ਲੱਖ ਪਰਿਵਾਰਾਂ, ਯਾਨੀ ਲਗਭਗ 3 ਕਰੋੜ ਲੋਕਾਂ ਨੂੰ ਸਿੱਧਾ ਫਾਇਦਾ ਮਿਲੇਗਾ। ਸਕੀਮ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਅਮੀਰ-ਗਰੀਬ ਦਾ ਕੋਈ ਭੇਦਭਾਵ ਨਹੀਂ ਰੱਖਿਆ ਗਿਆ। ਪੰਜਾਬ ਦਾ ਕੋਈ ਵੀ ਨਾਗਰਿਕ ਜਿਸ ਕੋਲ ਸੂਬੇ ਦਾ ਆਧਾਰ ਕਾਰਡ ਜਾਂ ਵੋਟਰ ਕਾਰਡ ਹੈ, ਉਹ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕੇਗਾ। ਇਸ ਲਈ ਕੋਈ ਆਮਦਨ ਸੀਮਾ ਜਾਂ ਉਮਰ ਦੀ ਸ਼ਰਤ ਨਹੀਂ ਰੱਖੀ ਗਈ ਹੈ।
9 ਹਜ਼ਾਰ ਕੇਂਦਰਾਂ 'ਚ ਬਣਨਗੇ ਕਾਰਡ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਕੀਮ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਬਹੁਤ ਸਰਲ ਰੱਖਿਆ ਗਿਆ ਹੈ। ਸੂਬੇ ਦੇ 9,000 ਤੋਂ ਵੱਧ ਕਾਮਨ ਸਰਵਿਸ ਸੈਂਟਰਾਂ ਵਿੱਚ ਇਹ ਕਾਰਡ ਬਣਾਏ ਜਾਣਗੇ ਅਤੇ ਇਸ ਲਈ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ। ਇੱਕ ਵਾਰ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਲੋਕ ਇਲਾਜ ਲਈ ਯੋਗ ਹੋ ਜਾਣਗੇ ਅਤੇ ਕਰੀਬ 10 ਤੋਂ 15 ਦਿਨਾਂ ਵਿੱਚ ਕਾਰਡ ਮਿਲ ਜਾਵੇਗਾ। ਸਰਕਾਰ ਨੇ ਅਗਲੇ 4 ਮਹੀਨਿਆਂ ਵਿੱਚ ਪੂਰੇ ਪੰਜਾਬ ਨੂੰ ਇਸ ਸਕੀਮ ਹੇਠ ਕਵਰ ਕਰਨ ਦਾ ਟੀਚਾ ਮਿੱਥਿਆ ਹੈ।
2200 ਬਿਮਾਰੀਆਂ ਦਾ ਇਲਾਜ ਸ਼ਾਮਲ
ਇਸ ਬੀਮਾ ਯੋਜਨਾ ਵਿੱਚ ਐਮਰਜੈਂਸੀ ਅਤੇ ਗੰਭੀਰ ਬਿਮਾਰੀਆਂ ਸਮੇਤ ਲਗਭਗ 2200 ਮੈਡੀਕਲ ਪ੍ਰਕਿਰਿਆਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮਰੀਜ਼ਾਂ ਨੂੰ ਟੈਸਟਾਂ ਅਤੇ ਦਵਾਈਆਂ ਲਈ ਵੀ ਕੋਈ ਖਰਚਾ ਨਹੀਂ ਕਰਨਾ ਪਵੇਗਾ। ਹਾਲਾਂਕਿ, ਕੋਸਮੈਟਿਕ ਸਰਜਰੀ ਇਸ ਵਿੱਚ ਸ਼ਾਮਲ ਨਹੀਂ ਹੋਵੇਗੀ। ਕੁਝ ਅਜਿਹੀਆਂ ਸਹੂਲਤਾਂ ਜਿਨ੍ਹਾਂ ਦੀ ਦੁਰਵਰਤੋਂ ਹੋਣ ਦਾ ਖਦਸ਼ਾ ਹੈ, ਉਨ੍ਹਾਂ ਨੂੰ ਰਿਜ਼ਰਵ ਪੈਕੇਜ ਵਿੱਚ ਰੱਖਿਆ ਗਿਆ ਹੈ। ਇਹ ਕਾਰਡ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਚੱਲੇਗਾ।
Health Revolution Begins In Punjab Mann And Kejriwal Launch Rs 10 Lakh Scheme Now Every Punjabi Will Get Free Treatment