October 16, 2024

ਮਿੰਨੀ ਕਹਾਣੀ
Admin / Literature
"ਭੈਣ ਜੀ ਕੱਲ੍ਹ ਨੂੰ ਕਰਵਾ ਚੌਥ ਦਾ ਵਰਤ ਹੈ, ਤੁਸੀਂ ਰੱਖਣਾ ?" ਸਰਿਤਾ ਨੇ ਸਾਡੇ ਘਰ ਅੰਦਰ ਵੜਦਿਆਂ ਹੀ ਮੇਰੀ ਘਰ ਵਾਲੀ ਨੂੰ ਸਵਾਲ ਕੀਤਾ। "ਭੈਣੇ ਜੀ ਤਾਂ ਮੇਰਾ ਵੀ ਕਰਦਾ, ਪਰ ਸਾਡੇ ਘਰ ਵਿਚ ਕਦੇ ਕਿਸੇ ਨੇ ਕਰਵਾ ਚੌਥ ਦਾ ਵਰਤ ਨਹੀਂ ਰੱਖਿਆ ਅਤੇ ਨਾ ਹੀ ਮੈਨੂੰ ਇਹਦੇ ਵਾਰੇ ਬਹੁਤਾ ਪਤਾ ਹੈ " ਮੇਰੀ ਘਰ ਵਾਲੀ ਨੇ ਸਰਿਤਾ ਨੂੰ ਸੋਫੇ 'ਤੇ ਬੈਠਣ ਦਾ ਇਸ਼ਾਰਾ ਕਰਦਿਆਂ ਆਪਣੇ ਦਿਲ ਦੀ ਗੱਲ ਦੱਸੀ। ਸਾਡੇ ਇਹ ਗੁਆਂਢੀ ਭਾਵੇਂ ਨਵੇਂ ਹੀ ਆਏ ਹਨ ਪਰ ਸਾਡੇ ਨਾਲ ਜਲਦੀ ਹੀ ਭੈਣਾਂ-ਭਰਾਵਾਂ ਵਾਂਗ ਘੁਲ-ਮਿਲ ਗਏ ਹਨ। "ਲੈ ਇਹ ਕਿਹੜੀ ਗੱਲ ਹੈ, ਅਸੀਂ ਆਥਣ ਵੇਲੇ ਸਟੋਰ ਜਾਣਾ ਵਰਤ ਵਾਸਤੇ ਸਮੱਗਰੀ ਲੈਣ ਤੂੰ ਵੀ ਚੱਲ ਸਾਡੇ ਨਾਲ" ਸਰਿਤਾ ਨੇ ਮੇਰੀ ਘਰ ਵਾਲੀ ਨੂੰ ਨਾਲ ਜਾਣ ਲਈ ਮਨਾ ਲਿਆ। ਆਥਣੇ ਸਾਡੇ ਘਰ ਸਾਰੀ ਸਮੱਗਰੀ ਆ ਗਈ।
ਲਓ ਜੀ ਫਿਰ ਕੀ ਸੀ, ਕਰਵਾ ਚੌਥ ਵਾਲੇ ਦਿਨ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਅੱਧਾ ਕੁ ਕਿੱਲੋ ਸੇਬ ਅਤੇ ਹੋਰ ਨਿੱਕ ਸੁੱਕ ਖਾ ਕੇ ਵਰਤ ਸ਼ੁਰੂ ਹੋ ਗਿਆ। ਦੁਪਹਿਰ ਤੱਕ ਮੇਰੀ ਘਰ ਵਾਲੀ ਡੈਂਟਿੰਗ ਪੇਂਟਿੰਗ ਕਰਵਾ ਕੇ ਨਵੀਂ ਵਿਆਹੀ ਵਾਹੁਟੀ ਵਾਂਗ ਸਜ ਗਈ। ਲਾਲ ਸੂਹਾ ਸੂਟ, ਕੂਲੇ ਹੱਥਾਂ ਉੱਤੇ ਸੂਹੀ ਮੈਂਹਿੰਦੀ, ਲਾਲ ਚੂੜੀਆਂ, ਪੈਰੀਂ ਚਾਂਦੀ ਦੀਆਂ ਝਾਂਜਰਾਂ ਜਿੱਧਰ ਜਾਵੇ ਛਣ-ਛਣ ਕਰਦੀ ਜਾਵੇ। ਲਾਲ ਸੇਬ ਵਰਗਾ ਚੇਹਰਾ ਪਤਾ ਨਹੀਂ ਜ਼ਿਆਦਾ ਸੇਬ ਖਾਣ ਕਰ ਕੇ ਲਾਲ ਹੋਇਆ ਜਾਂ ਰੰਗ ਰੋਗਨ ਕਰ ਕੇ ਕੀਤਾ ਹੋਇਆ ?
ਮੈਨੂੰ ਪਤਾ ਹੈ ਕਿ ਵਰਤ ਰੱਖਣ ਨਾਲ ਕਿਸੇ ਦੀ ਉਮਰ ਨਹੀਂ ਵਧਦੀ ਅਤੇ ਨਾ ਹੀ ਕੋਈ ਦੇਵੀ-ਦੇਵਤਾ ਖੁਸ਼ ਹੁੰਦਾ ਹੈ। ਹਾਂ ਦੋ ਦੇਵਤੇ ਜ਼ਰੂਰ ਖੁਸ਼ ਹੋ ਗਏ। ਵਾਹੁਟੀ ਵਾਂਗ ਸਜ ਕੇ ਪਤਨੀ ਦੇਵੀ ਅਤੇ ਉਸ ਨੂੰ ਇਸ ਰੂਪ ਵਿਚ ਵੇਖ ਕੇ ਪਤੀ ਦੇਵਤਾ।
ਮੇਰੀ ਇਹ ਨਵੀਂ ਵਿਆਹੀ ਵਾਹੁਟੀ ਵਾਲੀ ਫੀਲਿੰਗ ਪੂਰੇ ਜੋਬਨ 'ਤੇ ਸੀ ਕਿ ਅਚਾਨਕ ਖੱਦਰ ਵਰਗੀ ਜੀਨ ਦੇ ਕੱਪੜੇ ਪਾਈ ਹੱਥ ਵਿਚ ਪੁਰਾਣਾ ਜਿਹਾ ਟਿਫਨ ਫੜੀ ਫੈਕਟਰੀ ਵਿਚ ਕੰਮ 'ਤੇ ਜਾਣ ਲਈ ਤਿਆਰ ਮੇਰੀ ਘਰ ਵਾਲੀ ਨੇ ਅੱਟਣਾ ਵਾਲੇ ਸਖਤ ਹੱਥਾਂ ਨਾਲ ਮੈਨੂੰ ਬੜੀ ਹੀ ਬੇਰਹਿਮੀ ਨਾਲ ਝੰਜੋੜ ਕੇ ਜਗਾ ਦਿੱਤਾ ਅਤੇ ਜਲਦੀ ਤਿਆਰ ਹੋ ਕੇ ਕੰਮ 'ਤੇ ਜਾਣ ਦੀ ਤਾਕੀਦ ਕਰਦੀ ਹੋਈ ਔਹ ਗਈ ਔਹ ਗਈ।
ਬਲਿਹਾਰ ਸਿੰਘ ਲ੍ਹੇਲ
ਸੰਪਰਕ : 206-244-4663
Karva Chauth