March 6, 2025
ਕਵਿਤਾ
Admin / Literature
ਤਪਦਾ ਸੂਰਜ, ਠੰਢਾ ਚੰਨ ਤੇ, ਤਾਰੇ ਵੱਸ 'ਚ ਕਰ ਲੈਂਦਾ ਹੈ,
ਧਰਤੀ ਦਾ ਪੁੱਤ ਬਾਹਾਂ ਅੱਡ ਕੇ ਅੰਬਰ ਬਾਂਹੀ ਭਰ ਲੈਂਦਾ ਹੈ ।
ਚਰਚਾ ਵਿਚ ਦਲੀਲਾਂ ਦੇ ਕੇ, ਜਿਹੜਾ ਸਭ ਦੇ ਦਿਲ ਜਿੱਤ ਲੈਂਦੈ,
ਐਪਰ ਮੇਰੀ ਬੁੱਕਲ ਦੇ ਵਿਚ ਆਪਣਾ ਆਪਾ ਹਰ ਲੈਂਦਾ ਹੈ ।
ਨਾਜ਼ੁਕ ਕਲੀਆਂ ਵਰਗਾ ਜੁੱਸਾ, ਬਿਰਖਾਂ ਵਰਗਾ ਸਿਦਕ ਉਹ ਦਾ,
ਤੱਤੀਆਂ ਲੂਆਂ, ਠਰੀਆਂ ਪੌਣਾਂ, ਪਿੰਡੇ ਉੱਤੇ ਜਰ ਲੈਂਦਾ ਹੈ ।
ਫੁੱਲ ਜਿਹਾ ਅਹਿਸਾਸ ਜਿਵੇਂ ਕੋਈ, ਉਹਦੀ ਹਿੱਕ 'ਚ ਪਲਦਾ ਏ,
ਫੁੱਲਾਂ ਉੱਤੋਂ ਗਿਰਦੀ ਸ਼ਬਨਮ, ਥੱਲੇ ਤਲੀਆਂ ਕਰ ਲੈਂਦਾ ਹੈ ।
ਪਹਿਲੀ ਵਾਰੀ ਮਿਲਿਆਂ ਨੂੰ ਵੀ, ਇਉਂ ਮਿਲਦੈ ਜਿਉਂ ਜਾਣੂ ਚਿਰ ਦਾ,
ਪਹਿਲੀ ਤੱਕਣੀ ਵਿਚ ਪ੍ਦੇਸੀ, ਦਿਲ ਅੰਦਰ ਘਰ ਕਰ ਲੈਂਦਾ ਹੈ।
ਤੂੰ ਪੱਥਰ ਦੀ ਲਹਿਰਾਂ ਦੇ ਨਾਲ, ਪਾਕਿ ਮੁਹੱਬਤ ਸਮਝੀ ਕਿਉਂ ਨਹੀਂ,
ਮੋਹ ਵਿਚ ਆ ਕੇ ਚੁੰਮਦੀਆਂ ਲਈ, ਥੋੜਾ ਥੋੜਾ ਖਰ ਲੈਂਦਾ ਹੈ ।
ਜਿਹੜਾ ਸ਼ਾਇਰ ਜੀਵਨ ਜੀਣ ਦੀ, ਜਾਚ ਸਿਖਾਏ ਹੋਰਾਂ ਨੂੰ, ਉਹ
ਤੂੰ ਕੀ ਜਾਣੇ, ਆਪ 'ਅਮਨ' ਹੁਣ ਥੋੜਾ ਥੋੜਾ ਮਰ ਲੈਂਦਾ ਹੈ ।
-ਅਮਨਦੀਪ ਸਿੰਘ ਅਮਨ
The Scorching Sun The Cold Moon Poetry