March 12, 2025

Admin / Literature
ਇਕ ਵਾਰ ਦੀ ਗੱਲ ਹੈ ਕਿ ਇਕ ਲੱਕੜਹਾਰੇ ਨੇ ਲੱਕੜ ਦੇ ਵਪਾਰੀ ਕੋਲ ਨੌਕਰੀ ਲਈ ਮੰਗ ਕੀਤੀ। ਵਪਾਰੀ ਨੇ ਉਸ ਨੂੰ ਚੰਗੀ ਤਨਖਾਹ 'ਤੇ ਨੌਕਰੀ ਦੇਣੀ ਮਨਜ਼ੂਰ ਕਰ ਲਈ। ਹੁਣ ਲੱਕੜਹਾਰੇ ਨੇ ਆਪਣਾ ਕੰਮ ਮਿਹਨਤ ਨਾਲ ਕਰਨ ਦਾ ਨਿਸਚਾ ਕੀਤਾ।
ਵਪਾਰੀ ਨੇ ਉਸ ਨੂੰ ਇਕ ਕੁਹਾੜੀ ਦਿੱਤੀ ਤੇ ਕੰਮ ਕਰਨ ਲਈ ਜਗ੍ਹਾ ਦਿਖਾਈ। ਪਹਿਲੇ ਦਿਨ ਲੱਕੜਹਾਰਾ ਅਠਾਰਾਂ ਦਰੱਖਤ ਲੈ ਕੇ ਆਇਆ। ਮਾਲਕ ਨੇ ਉਸ ਨੂੰ ਵਧੀਆ ਕੰਮ ਕਰਨ 'ਤੇ ਸਾਬਾਸ਼ ਦਿੱਤੀ। ਲੱਕੜਹਾਰਾ ਵਪਾਰੀ ਦੀ ਹੌਸਲਾ ਅਫਜ਼ਾਈ ਤੋਂ ਪ੍ਰਭਾਵਿਤ ਸੀ। ਉਹ ਕਾਫੀ ਕੋਸ਼ਿਸ਼ ਤੋਂ ਬਾਅਦ ਅਗਲੇ ਦਿਨ ਕੇਵਲ ਪੰਦਰਾਂ ਦਰੱਖਤ ਹੀ ਲੈ ਕੇ ਆ ਸਕਿਆ। ਤੀਜੇ ਦਿਨ ਦਿਨ ਭਰ ਕਾਫੀ ਮਿਹਨਤ ਤੋਂ ਬਾਅਦ ਵੀ ਉਹ ਸਿਰਫ ਦਸ ਦਰੱਖਤ ਲੈ ਕੇ ਆਇਆ। ਹਰ ਦਿਨ ਦਰੱਖਤਾਂ ਦੀ ਗਿਣਤੀ ਘੱਟਦੀ ਚਲੀ ਗਈ।
ਲੱਕੜਹਾਰੇ ਨੇ ਸੋਚਿਆ ਸ਼ਾਇਦ ਮੇਰੀ ਤਾਕਤ ਘੱਟ ਗਈ ਹੈ। ਉਹ ਵਪਾਰੀ ਕੋਲ ਗਿਆ ਤੇ ਮੁਆਫੀ ਮੰਗਦਿਆਂ ਆਪਣੀ ਦੁਬਿਧਾ ਪ੍ਰਗਟ ਕੀਤੀ।
ਮਾਲਕ ਨੇ ਪੁੱਛਿਆ ਕਿ ਤੂੰ ਆਪਣੀ ਕੁਹਾੜੀ ਆਖਰੀ ਵਾਰ ਕਦੋਂ ਤਿੱਖੀ ਕੀਤੀ ਸੀ।
ਤਿੱਖੀ? ਮੇਰੇ ਕੋਲ ਇੰਨਾ ਸਮਾਂ ਨਹੀਂ ਸੀ ਕਿ ਮੈਂ ਉਸ ਨੂੰ ਤਿੱਖੀ ਕਰਾਂ। ਮੈਨੂੰ ਤਾਂ ਦਰੱਖਤ ਕੱਟਣ ਤੋਂ ਹੀ ਵਿਹਲ ਨਹੀਂ ਸੀ।......
ਸੰਦੇਸ਼ : ਸਾਡੀ ਜ਼ਿੰਦਗੀ ਵੀ ਇਸੇ ਤਰ੍ਹਾਂ ਬਤੀਤ ਹੁੰਦੀ ਹੈ। ਅਸੀਂ ਜ਼ਿੰਦਗੀ ਵਿਚ ਵੱਧ ਤੋਂ ਵੱਧ ਖੁਸ਼ੀਆਂ ਇਕੱਠਾ ਕਰਨ ਦੀ ਭੱਜ ਦੌੜ ਵਿਚ ਆਪਣੀ 'ਕੁਹਾੜੀ' ਤਿੱਖੀ ਕਰਨਾ ਭੁੱਲ ਜਾਂਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਇਸ ਨੂੰ 'ਤਿੱਖਾ' ਕਿਵੇਂ ਕੀਤਾ ਜਾ ਸਕਦਾ ਹੈ?
ਮਿਹਨਤ ਨਾਲ ਕੰਮ ਕਰਨ ਵਿਚ ਕੋਈ ਗਲਤੀ ਨਹੀਂ ਹੈ। ਪਰ ਸਾਨੂੰ ਆਪਣੇ ਆਪ ਨੂੰ ਕੰਮ ਵਿਚ ਇੰਨਾ ਵਿਅਸਤ ਨਹੀਂ ਕਰ ਲੈਣਾ ਚਾਹੀਦਾ ਹੈ ਕਿ ਆਪਣੀ ਨਿੱਜੀ ਜ਼ਿੰਦਗੀ ਦੇ ਜ਼ਰੂਰੀ ਤੇ ਵਾਸਤਵਿਕ ਕੰਮਾਂ ਨੂੰ ਭੁੱਲ ਜਾਈਏ, ਜਿਵੇਂ :
-ਆਪਣੇ ਪਰਮਾਤਮਾ ਨੂੰ ਯਾਦ ਕਰਨਾ
-ਗਿਆਨ ਹਾਸਲ ਕਰਨਾ
-ਚੰਗੀਆਂ ਪੁਸਤਕਾਂ ਪੜ੍ਹਨਾ
-ਆਪਣੇ ਪਰਿਵਾਰ ਨੂੰ ਸਮਾਂ ਦੇਣਾ
-ਪੜ੍ਹਨ ਨੂੰ ਸਮਾਂ ਦੇਣਾ ਆਦਿ।
Self awareness
