March 13, 2025

ਵੱਡਾ ਬਣਨ ਦੀ, ਵੱਡਾ ਦਿਸਣ ਦੀ, ਵੱਡਾ ਕਹਾਉਣ ਦੀ ਇੱਛਾ ਬਹੁਤੇ ਮਨੁੱਖਾਂ ਵਿਚ ਹੁੰਦੀ
Admin / Literature
ਵੱਡਾ ਬਣਨ ਦੀ, ਵੱਡਾ ਦਿਸਣ ਦੀ, ਵੱਡਾ ਕਹਾਉਣ ਦੀ ਇੱਛਾ ਬਹੁਤੇ ਮਨੁੱਖਾਂ ਵਿਚ ਹੁੰਦੀ ਹੈ ਤੇ ਸਾਡਾ ਰੁਤਬਾ ਵੱਡੇ ਹੋਣ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਅੱਜ ਸਾਡਾ ਬਹੁਤਾ ਧਿਆਨ ਸਰੀਰਕ, ਆਰਥਿਕ ਤੇ ਸਮਾਜਿਕ ਰੁਤਬੇ 'ਤੇ ਕੇਂਦਰਤ ਹੈ।
1. ਸਰੀਰਕ ਰੁਤਬਾ : ਇਹ ਸਾਡੇ ਬਾਹਰੀ ਸੁਹੱਪਣ, ਤੰਦਰੁਸਤੀ ਤੇ ਜੁਆਨੀ 'ਤੇ ਨਿਰਭਰ ਕਰਦਾ ਹੈ। ਸਾਡੇ ਬਹੁਤੇ ਯਤਨ ਇਸ ਰੁਤਬੇ ਨੂੰ ਵੱਡਾ ਤੇ ਹੋਰ ਚੰਗੇਰਾ ਬਣਾਉਣ ਵੱਲ ਹੀ ਹਨ। ਇਸ ਪਾਸੇ ਸਾਨੂੰ ਸਿੱਖਿਅਤ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਮੈਗਜ਼ੀਨ, ਅਖਬਾਰਾਂ ਵਿਚ ਛਪਦੇ ਲੇਖ, ਇਲੈਕਟ੍ਰਾਨਿਕ ਮੀਡੀਆ, ਇੰਟਰਨੈੱਟ ਤੇ ਪੁਸਤਕਾਂ ਉਪਲਬਧ ਹਨ। ਥਾਂ ਥਾਂ 'ਤੇ ਖੁੱਲ੍ਹੇ ਪਾਰਲਰ ਵੀ ਇਸ ਰੁਤਬੇ ਨੂੰ ਸਵਾਰਨ ਤੇ ਨਿਖਾਰਨ ਦਾ ਦਾਅਵਾ ਕਰਦੇ ਹਨ।
2. ਆਰਥਿਕ ਰੁਤਬਾ : ਆਮ ਕਰਕੇ ਸਮਾਜ ਵਿਚ ਸਾਡੀ ਜ਼ਮੀਨ ਜਾਇਦਾਦ, ਬੈਂਕ ਬੈਲੇਂਸ, ਸਾਡੀ ਕੋਠੀ, ਮਹਿੰਗੀ ਕਾਰ, ਸਾਡੇ ਵੱਡੇ ਜਾਂ ਛੋਟੇ ਰੁਤਬੇ ਦੀ ਸੂਚਕ ਮੰਨੀ ਜਾਂਦੀ ਹੈ। ਇਸੇ ਲਈ ਛੋਟੀ ਕਾਰ ਤੋਂ ਵੱਡੀ ਕਾਰ, ਛੋਟੇ ਮਕਾਨ ਤੋਂ ਵੱਡੀ ਕੋਠੀ, 5 ਕਿਲੇ ਤੋਂ 10 ਕਿਲੇ ਜ਼ਮੀਨ ਬਣਾਉਣ ਦੀ ਕਦੇ ਨਾ ਮੁੱਕਣ ਵਾਲੀ ਦੌੜ ਚਲਦੀ ਰਹਿੰਦੀ ਹੈ।
3. ਸਮਾਜਿਕ ਰੁਤਬਾ : ਬੰਦਾ ਸਮਾਜ ਦੀ ਨਜ਼ਰ ਵਿਚ ਪ੍ਰਵਾਨ ਚੜ੍ਹ ਕੇ ਵੱਡਾ ਬਣਨਾ ਚਾਹੁੰਦਾ ਤੇ ਸਮਾਜ ਦੀ ਨਜ਼ਰ ਵਿਚ ਪ੍ਰਵਾਨ ਚੜ੍ਹਨ ਲਈ ਜਾਂ ਸਮਾਜ ਵਿਚ ਰੁਤਬਾ ਵੱਡਾ ਕਰਨ ਲਈ ਸਮਾਜ ਮੁਤਾਬਕ ਚੱਲਣਾ ਪੈਂਦਾ ਹੈ ਤੇ ਸਮਾਜ ਮੁਤਾਬਕ ਚਲਦੀਆਂ ਚਲਦਿਆਂ ਆਪਣੀ ਹੋਂਦ ਨੂੰ ਗਵਾ ਬੈਠਦਾ ਹੈ। ਅੱਜ ਨੌਜਵਾਨਾਂ ਵਿਚ ਫੇਸਬੁਕ ਦੇ likes ਵਿਚ ਆਪਣੀ ਹੋਂਦ ਤਲਾਸ਼ਣ ਦੀ ਬਿਰਤੀ, ਮਾਨਸਿਕ ਦੀਵਾਲੀਏਪਣ ਦੀ ਨਿਸ਼ਾਨੀ ਹੈ, ਜੋ ਕਿ ਖਤਰਨਾਕ ਹੱਦ ਤੱਕ ਪਹੁੰਚ ਚੁੱਕੀ ਹੈ ਤੇ ਇਸ ਵਿਚੋਂ ਪੈਦਾ ਹੋ ਰਹੇ ਤਣਾਅ ਨੇ ਸਮਾਜਿਕ ਤਾਣੇ ਬਾਣੇ ਨੂੰ ਉਲਝਾ ਕੇ ਰੱਖ ਦਿੱਤਾ ਹੈ। ਅੱਜ ਨੌਜਵਾਨ ਸੋਸ਼ਲ ਸਾਈਟਸ 'ਤੇ (ਵ੍ਹਟਸਅਪ ਦੇ ਗਰੁੱਪਾਂ ਦੀ ਗਿਣਤੀ ਰਾਹੀਂ ਫੇਸਬੁਕ ਦੇ ਦੋਸਤਾਂ ਦੀ ਗਿਣਤੀ ਰਾਹੀਂ, ਇੰਸਟਾਗਰਾਮ ਆਦਿ ਰਾਹੀਂ) ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੀ ਅਸਫਲ ਕੋਸ਼ਿਸ਼ ਵਿਚ ਹੈ।
ਅੱਜ ਸਾਡੇ ਆਲੇ ਦੁਆਲੇ ਵਿਚ ਵੱਧ ਰਹੀ ਅਸਹਿਣਸ਼ੀਲਤਾ, ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੀ ਦੌੜ ਕਰਕੇ ਹੀ ਹੈ। ਇਸ ਵਿਚੋਂ ਲੜਾਈਆਂ, ਝਗੜੇ, ਦੰਗੇ ਤੇ ਜੰਗਾਂ ਜਨਮ ਲੈਂਦੀਆਂ ਹਨ।
-ਅੱਜ ਇਕ ਵਿਅਕਤੀ ਆਪਣੇ ਆਪ ਨੂੰ ਦੂਜੇ ਨਾਲੋਂ ਵੱਡਾ ਸਾਬਤ ਕਰਨ
-ਇਕ ਗੁਆਂਢੀ ਦੂਜੇ ਗੁਆਂਢੀ ਤੋਂ
-ਇਕ ਰਾਜ ਦੂਜੇ ਰਾਜ ਤੋਂ
-ਇਕ ਦੇਸ਼ ਦੂਜੇ ਦੇਸ਼ ਤੋਂ
-ਇਕ ਵਿਚਾਰਧਾਰਾ ਦੂਜੀ ਵਿਚਾਰਧਾਰਾ ਤੋਂ
-ਇਕ ਜਾਤ ਵਾਲੇ ਦੂਜੀ ਜਾਤ ਵਾਲੇ ਤੋਂ
-ਇਕ ਇਲਾਕੇ ਵਿਚ ਰਹਿਣ ਵਾਲੇ ਦੂਜੇ ਇਲਾਕੇ ਵਿਚ ਰਹਿਣ ਵਾਲਿਆਂ ਤੋਂ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਵਿਚ ਹਨ।
ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੱਡੇ ਮਨੁੱਖ ਦੀ ਪਰਿਭਾਸ਼ਾ ਦੇ ਰਹੇ ਹਨ।
ਵਡੇ ਵਡੇ ਜੋ ਦੀਸਹਿ ਲੋਗ।। ਤਿਨ ਕਉ ਬਿਆਪੈ ਚਿੰਤਾ ਰੋਗ।।
ਕਉਨ ਵਡਾ ਮਾਇਆ ਵਡਿਆਈ।। ਸੋ ਵਡਾ ਜਿਨਿ ਰਾਮ ਲਿਵ ਲਾਈ।। (ਅੰਗ188)
ਇਕ ਵਾਰ ਗੁਰੂ ਨਾਨਕ ਸਾਹਿਬ ਜੀ ਨੂੰ ਕਾਜ਼ੀਆਂ ਨੇ ਪੁੱਛਿਆ.... ਕਿ ਵੱਡਾ ਕਉਨ ਹੈ?
-ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ।। (ਭਾਈ ਗੁਰਦਾਸ ਜੀ)
ਗੁਰੂ ਨਾਨਕ ਸਾਹਿਬ ਜੀ ਨੇ ਜੁਆਬ ਦਿੱਤਾ....
-ਬਾਬਾ ਆਖੇ ਹਾਜੀਆਂ ਸੁਭਿ ਅਮਲਾ ਬਾਝਹੁ ਦੋਨੋ ਰੋਈ।। (ਭਾਈ ਗੁਰਦਾਸ ਜੀ)
ਗੁਰੂ ਸਾਹਿਬ ਅਨੁਸਾਰ ਕੋਈ ਮਨੁੱਖ ਆਪਣੀ ਜਾਤ, ਧਰਮ, ਮਜ਼ਹਬ ਕਰਕੇ ਵੱਡਾ ਨਹੀਂ ਹੁੰਦਾ ਬਲਕਿ ਸ਼ੁਭ ਗੁਣਾਂ, ਸ਼ੁਭ ਅਮਲਾਂ ਤੇ ਚੰਗਿਆਈਆਂ ਕਰਕੇ ਵੱਡਾ ਬਣਦਾ ਹੈ। ਸਰੀਰਕ ਰੁਤਬਾ, ਆਰਥਿਕ ਰੁਤਬਾ ਤੇ ਸਮਾਜਕਿ ਰੁਤਬਾ ਕਿਸੇ ਬੰਦੇ ਦੇ ਵੱਡੇ ਹੋਣ ਦਾ ਸੂਚਕ ਨਹੀਂ ਬਲਕਿ ਵੱਡੇ ਹੋਣ ਦਾ ਸਬੰਧ ਉਸ ਦੇ ਨੈਤਿਕ ਰੁਤਬੇ ਨਾਲ ਹੈ ਕਿ ਕਿਸੇ ਨੇ ਜੀਵਨ ਵਿਚ ਕਿੰਨੀ ਨੈਤਿਕਤਾ ਧਾਰਨ ਕੀਤੀ। ਸੱਚ ਅਚਾਰੀ ਜੀਵਨ ਅਪਨਾ ਕੇ ਹੀ ਅਸਲ ਵਿਚ ਵੱਡੇ ਬਣਿਆਂ ਜਾ ਸਕਦਾ ਹੈ। ਆਉਂ ਅਸੀਂ ਵੀ ਵੱਡੇ ਬਣੀਏ।
-ਡਾ. ਅਵੀਨਿੰਦਰ ਪਾਲ ਸਿੰਘ
Many People Have The Desire To Be Big To Look Big To Be Called Big
