January 22, 2026
Zirakpurਸਾਵਧਾਨ! ਜ਼ੀਰਕਪੁਰ 'ਚ ਸ਼ਰੇਆਮ ਵਿਕ ਰਹੀ ਹੈ 'ਮੌਤ' ਵਰਗੀ ਚਾਈਨਾ ਡੋਰ; ਦੁਕਾਨਾਂ 'ਤੇ ਛਾਪਾ ਪਿਆ ਤਾਂ ਉੱਡ ਗਏ ਹੋਸ਼
Live Punjabi TV Bureau
ਜ਼ੀਰਕਪੁਰ, 22 January 2026 : ਪਤੰਗਬਾਜ਼ੀ ਦੇ ਸ਼ੌਕੀਨਾਂ ਅਤੇ ਆਮ ਲੋਕਾਂ ਲਈ ਇੱਕ ਚੇਤਾਵਨੀ ਭਰੀ ਖਬਰ ਹੈ। ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਜ਼ੀਰਕਪੁਰ ਵਿੱਚ ਖੂਨੀ 'ਚਾਈਨਾ ਡੋਰ' ਦਾ ਕਹਿਰ ਜਾਰੀ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਨਗਰ ਕੌਂਸਲ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਾਂਝੀ ਟੀਮ ਨੇ ਪਿੰਡ ਭਬਾਤ ਵਿੱਚ ਅਚਾਨਕ ਛਾਪੇਮਾਰੀ ਕੀਤੀ, ਜਿੱਥੇ ਦੁਕਾਨਾਂ ਦੇ ਅੰਦਰੋਂ ਪਾਬੰਦੀਸ਼ੁਦਾ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ।
ਪਿੰਡ ਭਬਾਤ 'ਚ ਚੱਲ ਰਿਹਾ ਸੀ ਗੋਰਖਧੰਦਾ
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪਿੰਡ ਭਬਾਤ ਵਿੱਚ ਚੋਰੀ-ਛੁਪੇ ਪਲਾਸਟਿਕ ਦੀ ਡੋਰ ਵੇਚੀ ਜਾ ਰਹੀ ਹੈ। ਇਸ 'ਤੇ ਕਾਰਵਾਈ ਕਰਦਿਆਂ ਐਸਡੀਓ ਪ੍ਰਦੂਸ਼ਣ ਕੰਟਰੋਲ ਬੋਰਡ (ਮੋਹਾਲੀ) ਅਤੁਲ ਸ਼ਰਮਾ ਅਤੇ ਨਗਰ ਕੌਂਸਲ ਜ਼ੀਰਕਪੁਰ ਦੇ ਇੰਸਪੈਕਟਰ ਮਨੋਜ ਕੁਮਾਰ ਦੀ ਅਗਵਾਈ ਹੇਠ ਟੀਮ ਨੇ ਜਾਲ ਵਿਛਾਇਆ।
ਕਰਿਆਨੇ ਅਤੇ ਸਟੇਸ਼ਨਰੀ ਦੀ ਦੁਕਾਨ 'ਤੇ ਰੇਡ
ਟੀਮ ਨੇ ਮੌਕੇ 'ਤੇ ਪਹੁੰਚ ਕੇ ਰਮੇਸ਼ਵਰ ਕਰਿਆਨਾ ਸਟੋਰ ਅਤੇ ਰਾਜੇਸ਼ ਕੁਮਾਰ ਸਟੇਸ਼ਨਰੀ ਦੀ ਦੁਕਾਨ ਦੀ ਤਲਾਸ਼ੀ ਲਈ। ਚੈਕਿੰਗ ਦੌਰਾਨ ਸ਼ੱਕ ਸੱਚ ਵਿੱਚ ਬਦਲ ਗਿਆ ਅਤੇ ਉੱਥੋਂ ਕਰੀਬ 9 ਗੱਟੂ ਜਾਨਲੇਵਾ ਚਾਈਨਾ ਡੋਰ ਦੇ ਬਰਾਮਦ ਹੋਏ। ਇਹ ਡੋਰ ਇਨਸਾਨਾਂ ਅਤੇ ਪੰਛੀਆਂ ਲਈ ਬੇਹੱਦ ਖਤਰਨਾਕ ਮੰਨੀ ਜਾਂਦੀ ਹੈ।
ਪੁਲਿਸ ਨੇ ਦਰਜ ਕੀਤਾ ਮਾਮਲਾ
ਬਰਾਮਦਗੀ ਤੋਂ ਬਾਅਦ ਅਧਿਕਾਰੀਆਂ ਨੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸ ਖਿਲਾਫ਼ ਸਖਤ ਐਕਸ਼ਨ ਲਿਆ ਜਾਵੇਗਾ।
Beware China Door Like death Is Being Sold Openly In Zirakpur Shops Raided People Were Shocked