June 13, 2026
ਟਰੱਕ ਸਟਾਪ ਤੇ ਡੋਡਿਆਂ ਨੂੰ ਵੇਚਣ ਦੇ ਦੋਸ਼ ਵਿੱਚ ਤਿੰਨ ਵਿਅਕਤੀ ਗ੍ਰਿਫ਼ਤਾਰ,100 ਪੌਂਡ ਡੋਡੇ ਬਰਾਮਦ
ਡਿਲਨ, ਮੋਂਟਾਨਾ: (ਪੰਜਾਬੀ ਪਹਿਚਾਣ )ਬੀਵਰਹੈੱਡ ਕਾਊਂਟੀ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਡਿਲਨ ਸ਼ਹਿਰ ਦੇ ਦੱਖਣ ਵੱਲ ਸਥਿਤ ਇੱਕ ਟਰੱਕ ਸਟਾਪ ’ਤੇ ਛਾਪੇਮਾਰੀ ਕਰਕੇ ਇੱਕ ਕਥਿਤ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਦੇ ਪ੍ਰੋਸੈਸਿੰਗ ਅਤੇ ਵਿਕਰੀ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।
ਬੀਵਰਹੈੱਡ ਕਾਊਂਟੀ ਦੇ ਸ਼ੈਰਿਫ਼ ਡੇਵਿਡ ਵੈਂਡਟ ਅਨੁਸਾਰ, ਇਸ ਕਾਰਵਾਈ ਵਿੱਚ ਲਗਭਗ 30 ਤੋਂ 35 ਅਧਿਕਾਰੀਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਸ ਛਾਪੇਮਾਰੀ ਦਾ ਮਕਸਦ ਇਹ ਸਪੱਸ਼ਟ ਸੰਦੇਸ਼ ਦੇਣਾ ਸੀ ਕਿ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਸਥਾਨਕ ਭਾਈਚਾਰੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅਧਿਕਾਰੀਆਂ ਦੇ ਮੁਤਾਬਕ ਛਾਪੇ ਦੌਰਾਨ 100 ਪੌਂਡ ਤੋਂ ਵੱਧ ਸੁੱਕੇ ਡੋਡੇ ਬਰਾਮਦ ਕੀਤੇ ਗਏ। ਦੋਸ਼ ਹੈ ਕਿ ਟਰੱਕ ਸਟਾਪ ਦਾ ਮਾਲਕ ਅਤੇ ਦੋ ਹੋਰ ਵਿਅਕਤੀ ਇਨ੍ਹਾਂ ਡੋਡੇ ਬੇਸਮੈਂਟ ਵਿੱਚ ਪੀਸ ਕੇ ਸਨ ਤੇ ਉਥੋਂ ਲੰਘਣ ਵਾਲੇ ਟਰੱਕ ਡਰਾਈਵਰਾਂ ਨੂੰ ਵੇਚਦੇ ਸਨ।
ਸ਼ੈਰਿਫ਼ ਵੈਂਡਟ ਨੇ ਦੱਸਿਆ ਕਿ ਇਹ ਇੱਕ ਅਜਿਹਾ ਨਿਯੰਤਰਿਤ ਪਦਾਰਥ ਹੈ ਜਿਸਦਾ ਪ੍ਰਭਾਵ ਓਪੀਓਇਡ ਜਾਂ ਫੈਂਟੈਨਿਲ ਵਰਗੇ ਨਸ਼ਿਆਂ ਨਾਲ ਮਿਲਦਾ-ਜੁਲਦਾ ਹੋ ਸਕਦਾ ਹੈ। ਉਨ੍ਹਾਂ ਦੇ ਅਨੁਸਾਰ, ਇਸ ਨੂੰ ਚਾਹ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ, ਜਿਸ ਨਾਲ ਨਸ਼ੇ ਵਾਲਾ ਅਸਰ ਪੈਦਾ ਹੁੰਦਾ ਹੈ।
ਜਾਂਚ ਅਧਿਕਾਰੀਆਂ ਨੂੰ ਇਸ ਕਥਿਤ ਗਤੀਵਿਧੀ ਬਾਰੇ ਕਰੀਬ ਡੇਢ ਹਫ਼ਤਾ ਪਹਿਲਾਂ ਸੂਚਨਾ ਮਿਲੀ ਸੀ। ਇੱਕ ਟਰੱਕ ਡਰਾਈਵਰ ਨੇ ਲੀਮਾ ਨੇੜੇ ਸਥਿਤ ਵੇਅ ਸਟੇਸ਼ਨ ’ਤੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੂੰ ਇਸ ਟਰੱਕ ਸਟਾਪ ’ਤੇ ਡੋਡੇ ਖਰੀਦਣ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਨਿਗਰਾਨੀ ਸ਼ੁਰੂ ਕੀਤੀ, ਸਬੂਤ ਇਕੱਠੇ ਕੀਤੇ ਅਤੇ ਫਿਰ ਛਾਪੇਮਾਰੀ ਨੂੰ ਅੰਜਾਮ ਦਿੱਤਾ।
ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਬੀਵਰਹੈੱਡ ਕਾਊਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ। ਹਰੇਕ ਲਈ 7,50,000 ਡਾਲਰ ਦੀ ਜ਼ਮਾਨਤ ਰਕਮ ਨਿਰਧਾਰਤ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ੱਕੀ ਵਿਅਕਤੀਆਂ ਦੀ ਪਹਿਚਾਣ ਜਲਦ ਜਨਤਕ ਕੀਤੀ ਜਾਵੇਗੀ।
ਪੁਲਿਸ ਵੱਲੋਂ ਲਗਾਏ ਗਏ ਦੋਸ਼ਾਂ ਦੀ ਅਦਾਲਤ ਵਿੱਚ ਪੁਸ਼ਟੀ ਹੋਣੀ ਬਾਕੀ ਹੈ ਅਤੇ ਸਾਰੇ ਦੋਸ਼ੀ ਕਾਨੂੰਨੀ ਤੌਰ ’ਤੇ ਦੋਸ਼ ਸਾਬਤ ਹੋਣ ਤੱਕ ਬੇਦੋਸ਼ ਮੰਨੇ ਜਾਂਦੇ ਹਨ।
Selling Poppy Husk At Truck Stop