October 14, 2024
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਗੁਜਰਾਤ ਦੇ ਅੰਕਲੇਸ਼ਵਰ 'ਚ ਅਵਕਾਰ ਡਰੱਗਸ ਲਿਮਟਿਡ ਕੰਪਨੀ ਦੇ ਗੋਦਾਮ ਵਿਚੋਂ ਐਤਵਾਰ ਰਾਤ ਨੂੰ 518 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀ ਕੀਮਤ ਕਰੀਬ 5,000 ਕਰੋੜ ਰੁਪਏ ਹੈ। ਦਿੱਲੀ-ਗੁਜਰਾਤ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿਚ ਮੌਕੇ ਤੋਂ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਦਿੱਲੀ ਪੁਲਿਸ ਨੇ ਦੱਸਿਆ ਕਿ ਇਹ ਕੋਕੀਨ ਉਸੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਜੁੜੀ ਹੈ, ਜਿਸ ਦੀਆਂ ਦੋ ਵੱਡੀਆਂ ਖੇਪਾਂ 2 ਅਕਤੂਬਰ ਅਤੇ 10 ਅਕਤੂਬਰ ਨੂੰ ਦਿੱਲੀ ਤੋਂ ਛਾਪੇਮਾਰੀ ਦੌਰਾਨ ਜ਼ਬਤ ਕੀਤੀਆਂ ਗਈਆਂ ਸੀ। ਪੁਲਿਸ ਨੇ ਦੱਸਿਆ ਕਿ ਹੁਣ ਤੱਕ ਕੁੱਲ 1289 ਕਿਲੋ ਡਰੱਗਜ਼ ਜ਼ਬਤ ਕੀਤੀ ਜਾ ਚੁੱਕੀ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ 13 ਹਜ਼ਾਰ ਕਰੋੜ ਰੁਪਏ ਹੈ। ਇਸ ਸਿੰਡੀਕੇਟ ਨਾਲ ਜੁੜੇ ਕੁੱਲ 12 ਲੋਕਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 7 ਨੂੰ ਦਿੱਲੀ ਵਿਚ ਪਿਛਲੇ 2 ਛਾਪਿਆਂ ਦੌਰਾਨ ਹਿਰਾਸਤ ਵਿਚ ਲਿਆ ਗਿਆ ਸੀ।
ਦੁਬਈ ਤੋਂ ਚੱਲ ਰਹੇ ਇਸ ਸਿੰਡੀਕੇਟ ਦੇ ਮਾਸਟਰਮਾਈਂਡ ਦੀ ਪਛਾਣ ਵਰਿੰਦਰ ਬਸੋਆ ਵਜੋਂ ਹੋਈ ਹੈ। ਦੁਬਈ ਵਿਚ ਉਸਦੇ ਕਈ ਕਾਰੋਬਾਰ ਹਨ। ਪੁਲਿਸ ਨੇ ਬਸੋਆ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ। ਪੀਟੀਆਈ ਦੇ ਸੂਤਰਾਂ ਅਨੁਸਾਰ ਦੇਸ਼ ਭਰ ਵਿਚ ਅੱਜ ਤੱਕ ਕਦੇ ਵੀ ਇੰਨੀ ਵੱਡੀ ਮਾਤਰਾ ਵਿਚ ਕੋਕੀਨ ਫੜੀ ਨਹੀਂ ਗਈ ਹੈ। ਪਿਛਲੇ 12 ਦਿਨਾਂ ਵਿਚ ਇਹ 3 ਛਾਪੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ।
Cocaine Worth 5 Thousand Crores Recovered Delhi Gujarat Police Busted Drug Racket