October 29, 2024
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਹੈਦਰਾਬਾਦ ਦੇ ਬੰਜਾਰਾ ਹਿਲਜ਼ ਇਲਾਕੇ ਵਿਚ ਸਟ੍ਰੀਟ ਫੂਡ ਸਟਾਲ 'ਤੇ ਮੋਮੋਜ਼ ਖਾਣ ਨਾਲ ਇਕ ਔਰਤ ਦੀ ਮੌਤ ਹੋ ਗਈ ਜਦਕਿ 15 ਲੋਕ ਬੀਮਾਰ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਸਟਾਲ ਲਗਾਉਣ ਵਾਲੇ ਪੰਜ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ।
ਮੋਮੋਜ਼ ਪਿਛਲੇ ਕੁਝ ਸਾਲਾਂ ਵਿਚ ਇਕ ਪ੍ਰਸਿੱਧ ਸਟ੍ਰੀਟ ਫੂਡ ਬਣ ਗਿਆ ਹੈ। ਹਾਲਾਂਕਿ ਇਸ ਨੂੰ ਖਾਣ ਤੋਂ ਬਾਅਦ ਕਈ ਲੋਕਾਂ ਦੇ ਬੀਮਾਰ ਹੋਣ ਦੀਆਂ ਖਬਰਾਂ ਆ ਚੁੱਕੀਆਂ ਹਨ। ਅਜਿਹਾ ਹੀ ਇਕ ਮਾਮਲਾ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸਟਰੀਟ ਸਟਾਲ 'ਤੇ ਮੋਮੋਜ਼ ਖਾਣ ਨਾਲ 15 ਲੋਕ ਬੀਮਾਰ ਹੋ ਗਏ, ਜਦਕਿ ਇਕ ਔਰਤ ਦੀ ਮੌਤ ਹੋ ਗਈ।
ਪੁਲਿਸ ਨੇ ਕਿਹਾ ਹੈ ਕਿ ਬੰਜਾਰਾ ਹਿਲਸ ਥਾਣਾ ਖੇਤਰ ਦੇ ਅਧੀਨ ਨੰਦੀਨਗਰ ਵਿਚ ਇਕ ਦੁਖਦਾਈ ਘਟਨਾ ਵਾਪਰੀ, ਜਿੱਥੇ ਇਕ ਸਟ੍ਰੀਟ ਫੂਡ ਸਟਾਲ ਤੋਂ ਮੋਮੋਜ਼ ਖਾਣ ਨਾਲ ਇਕ 31 ਸਾਲਾ ਔਰਤ ਦੀ ਕਥਿਤ ਤੌਰ 'ਤੇ ਮੌਤ ਹੋ ਗਈ। ਔਰਤ ਦੀ ਪਛਾਣ ਰੇਸ਼ਮਾ ਬੇਗਮ ਵਾਸੀ ਨੰਦੀਨਗਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਇਸੇ ਸਟਾਲ 'ਤੇ ਮੋਮੋਜ਼ ਖਾਣ ਨਾਲ 15 ਹੋਰ ਲੋਕ ਬੀਮਾਰ ਹੋ ਗਏ।
ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਹ ਮੋਮੋਜ਼ ਖਾਣ ਤੋਂ ਬਾਅਦ ਬੀਮਾਰ ਹੋ ਗਈ ਅਤੇ ਬਾਅਦ 'ਚ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਔਰਤ ਦੀ ਲਾਸ਼ ਨੂੰ ਦਫ਼ਨਾ ਦਿੱਤਾ ਗਿਆ ਹੈ ਅਤੇ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੇਰੀ ਕਾਰਵਾਈ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਰੇਸ਼ਮਾ ਬੇਗਮ ਅਤੇ ਹੋਰਾਂ ਨੇ 'ਦਿੱਲੀ ਮੋਮੋਜ਼' ਨਾਮ ਦੇ ਫੂਡ ਸਟਾਲ ਤੋਂ ਮੋਮੋਜ਼ ਖਾਧੇ ਸੀ। ਚਿੰਤਾਲ ਬਸਤੀ ਵਿਚ ਸਥਿਤ ਇਹ ਸਟਾਲ ਕਰੀਬ ਤਿੰਨ ਮਹੀਨੇ ਪਹਿਲਾਂ ਬਿਹਾਰ ਤੋਂ ਆਏ ਅਰਮਾਨ ਅਤੇ ਉਸਦੇ ਪੰਜ ਦੋਸਤਾਂ ਨੇ ਸ਼ੁਰੂ ਕੀਤਾ ਸੀ।
ਔਰਤ ਦੀ ਮੌਤ ਦੇ ਕਾਰਨਾਂ ਦੀ ਜਾਂਚ ਜਾਰੀ
ਇਸ ਮਾਮਲੇ ਵਿਚ ਪੁਲਿਸ ਨੇ ਮੋਮੋਜ਼ ਦੇ ਸਟਾਲ ਲਗਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਔਰਤ ਦੀ ਮੌਤ ਦੇ ਕਾਰਨਾਂ ਅਤੇ ਉਸ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਪੁਸ਼ਟੀ ਕੀਤੀ ਕਿ ਸਟਾਲ ਚਲਾਉਣ ਵਾਲੇ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
Be Careful Woman Dies After Eating Momos At Street Food Stall 15 People Sick