November 28, 2024
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਕੇਰਲ ਦੀ ਵਾਇਨਾਡ ਸੀਟ ਤੋਂ ਚੋਣ ਜਿੱਤਣ ਤੋਂ ਬਾਅਦ ਪ੍ਰਿਅੰਕਾ ਗਾਂਧੀ ਅੱਜ ਪਹਿਲੀ ਵਾਰ ਸੰਸਦ ਪਹੁੰਚੀ। ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਤੀਜੇ ਦਿਨ ਪ੍ਰਿਅੰਕਾ ਗਾਂਧੀ ਨੇ ਆਪਣੇ ਹੱਥ ਵਿੱਚ ਸੰਵਿਧਾਨ ਦੀ ਕਾਪੀ ਲੈ ਕੇ ਸਹੁੰ ਚੁੱਕੀ। ਇਸ ਦੌਰਾਨ ਸੰਸਦ 'ਚ ਮਾਂ ਸੋਨੀਆ ਅਤੇ ਰਾਹੁਲ ਗਾਂਧੀ ਵੀ ਮੌਜੂਦ ਸਨ।
ਪ੍ਰਿਅੰਕਾ ਗਾਂਧੀ ਨੇ ਪਹਿਲੀ ਵਾਰ ਚੋਣ ਲੜੀ ਸੀ। ਰਾਹੁਲ ਗਾਂਧੀ ਦੇ ਵਾਇਨਾਡ ਸੀਟ ਛੱਡਣ ਤੋਂ ਬਾਅਦ ਇਹ ਖਾਲੀ ਹੋ ਗਈ ਸੀ। ਜਿਸ 'ਤੇ ਕਾਂਗਰਸ ਨੇ ਪ੍ਰਿਅੰਕਾ ਗਾਂਧੀ ਨੂੰ ਮੈਦਾਨ 'ਚ ਉਤਾਰਿਆ। ਪ੍ਰਿਅੰਕਾ ਗਾਂਧੀ ਨੇ 4 ਲੱਖ ਤੋਂ ਵੱਧ ਵੋਟਾਂ ਨਾਲ ਜ਼ਿਮਣੀ ਚੋਣ ਜਿੱਤੀ ਸੀ।
ਸੰਸਦ ਵਿੱਚ ਗਾਂਧੀ ਪਰਿਵਾਰ ਦੇ 3 ਮੈਂਬਰ
ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਗਾਂਧੀ ਪਰਿਵਾਰ ਦੇ ਤਿੰਨ ਮੈਂਬਰ ਸੰਸਦ ਵਿੱਚ ਨਜ਼ਰ ਆਉਣਗੇ। ਪ੍ਰਿਅੰਕਾ ਗਾਂਧੀ ਦੇ ਭਰਾ ਰਾਹੁਲ ਗਾਂਧੀ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਨ ਜਦਕਿ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਰਾਜ ਸਭਾ ਦੀ ਸੰਸਦ ਮੈਂਬਰ ਹੈ। ਪ੍ਰਿਅੰਕਾ ਪਹਿਲੀ ਵਾਰ ਕਿਸੇ ਸਦਨ ਦੀ ਮੈਂਬਰ ਬਣੀ ਹੈ।
2019 ਵਿੱਚ ਰਾਜਨੀਤੀ ਵਿੱਚ ਸਰਗਰਮ ਸੀ
ਪ੍ਰਿਅੰਕਾ ਗਾਂਧੀ ਪਿਛਲੇ ਕਈ ਸਾਲਾਂ ਤੋਂ ਆਪਣੇ ਭਰਾ ਰਾਹੁਲ ਅਤੇ ਮਾਂ ਸੋਨੀਆ ਗਾਂਧੀ ਲਈ ਚੋਣ ਪ੍ਰਚਾਰ ਕਰ ਰਹੀ ਸੀ। ਪਰ 5 ਸਾਲ ਪਹਿਲਾਂ, ਉਹ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸਰਗਰਮੀ ਨਾਲ ਰਾਜਨੀਤੀ ਵਿੱਚ ਸ਼ਾਮਲ ਹੋਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਂਗਰਸ ਵਿੱਚ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਅਤੇ ਹੁਣ ਉਨ੍ਹਾਂ ਪਹਿਲੀ ਵਾਰ ਚੋਣ ਲੜੀ ਹੈ।
Priyanka Gandhi Reached Parliament For The First Time Took Oath As A Member Of Parliament Holding A Copy Of The Constitution In Her Hand