December 11, 2024
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਨਵੇਂ ਗਵਰਨਰ ਸੰਜੇ ਮਲਹੋਤਰਾ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਆਰਬੀਆਈ ਦੇ 26ਵੇਂ ਗਵਰਨਰ ਵਜੋਂ ਅਹੁਦਾ ਸੰਭਾਲਿਆ ਹੈ। ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਸੰਜੇ ਮਲਹੋਤਰਾ ਨੇ ਆਰਬੀਆਈ ਹੈੱਡਕੁਆਰਟਰ ਵਿਚ ਆਪਣੇ ਪੂਰਵਜ ਸ਼ਕਤੀਕਾਂਤ ਦਾਸ ਦੀ ਥਾਂ ਲੈ ਲਈ ਹੈ।
ਸੰਜੇ ਮਲਹੋਤਰਾ ਸਾਹਮਣੇ ਕਈ ਚੁਣੌਤੀਆਂ
ਸੰਜੇ ਮਲਹੋਤਰਾ ਅਜਿਹੇ ਸਮੇਂ ਕੇਂਦਰੀ ਬੈਂਕ ਦਾ ਚਾਰਜ ਸੰਭਾਲ ਰਹੇ ਹਨ ਜਦੋਂ ਭਾਰਤੀ ਅਰਥਵਿਵਸਥਾ ਧੀਮੀ ਵਿਕਾਸ ਦਰ ਅਤੇ ਉੱਚ ਮਹਿੰਗਾਈ ਦਰ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਮਲਹੋਤਰਾ ਨੂੰ ਮਹਿੰਗਾਈ ਕੰਟਰੋਲ ਅਤੇ ਆਰਥਿਕ ਸੁਧਾਰਾਂ ਵਿਚਕਾਰ ਸੰਤੁਲਨ ਕਾਇਮ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਨਵੇਂ ਆਰਬੀਆਈ ਗਵਰਨਰ ਸੰਜੇ ਮਲਹੋਤਰਾ ਨੂੰ ਇਕ ਨਰਮ ਅਤੇ ਸਹਿਕਾਰੀ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ। ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਉਦੇਸ਼ ਸਾਰੇ ਦ੍ਰਿਸ਼ਟੀਕੋਣਾਂ ਨੂੰ ਸਮਝਣਾ ਅਤੇ ਅਰਥਵਿਵਸਥਾ ਲਈ ਸਭ ਤੋਂ ਵਧੀਆ ਕੰਮ ਕਰਨਾ ਹੋਵੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਰਿਜ਼ਰਵ ਬੈਂਕ ਇਕੱਲੇ ਕੀਮਤਾਂ ਨੂੰ ਕੰਟਰੋਲ ਨਹੀਂ ਕਰ ਸਕਦਾ, ਇਸ ਲਈ ਸਰਕਾਰ ਦੀ ਮਦਦ ਦੀ ਵੀ ਲੋੜ ਹੈ।
ਸੰਜੇ ਮਲਹੋਤਰਾ ਦਾ ਕਰੀਅਰ ਤੇ ਤਜਰਬਾ
ਸੰਜੇ ਮਲਹੋਤਰਾ ਰਾਜਸਥਾਨ ਦੇ 1990 ਬੈਚ ਦੇ ਆਈਏਐੱਸ ਅਧਿਕਾਰੀ ਹਨ ਅਤੇ ਉਨ੍ਹਾਂ ਕੋਲ ਬਿਜਲੀ, ਵਿੱਤ ਅਤੇ ਟੈਕਸੇਸ਼ਨ ਵਰਗੇ ਖੇਤਰਾਂ ਵਿਚ ਤਿੰਨ ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ। ਇਸ ਤੋਂ ਪਹਿਲਾਂ ਉਹ ਵਿੱਤ ਮੰਤਰਾਲੇ ਵਿਚ ਮਾਲ ਸਕੱਤਰ ਵਜੋਂ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦੀ ਅਗਵਾਈ ਵਿਚ ਭਾਰਤੀ ਰਿਜ਼ਰਵ ਬੈਂਕ ਲਈ ਨਵੇਂ ਆਰਥਿਕ ਅਤੇ ਵਿੱਤੀ ਰਸਤੇ ਖੁੱਲ੍ਹਣ ਦੀ ਉਮੀਦ ਹੈ।
Sanjay Malhotra Takes Charge As The 26th Governor Of RBI