January 10, 2025
Nationalਲਾਈਵ ਪੰਜਾਬੀ ਟੀਵੀ ਬਿਊਰੋ : ਕਸਟਮ ਵਿਭਾਗ ਦੀ ਟੀਮ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੱਕ ਕੈਨੇਡੀਅਨ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜਿਆ ਗਿਆ ਵਿਅਕਤੀ ਮਗਰਮੱਛ ਦੇ ਬੱਚੇ ਦਾ ਸਿਰ ਆਪਣੇ ਨਾਲ ਲੈ ਕੇ ਕੈਨੇਡਾ ਜਾ ਰਿਹਾ ਸੀ। ਫਿਲਹਾਲ ਬਰਾਮਦ ਹੋਈ ਖੋਪੜੀ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਕਰੀਮ ਰੰਗ ਦੇ ਕੱਪੜੇ ਵਿਚ ਲਪੇਟਿਆ ਹੋਇਆ ਮਿਲਿਆ ਸਿਰ
ਰਿਪੋਰਟ ਮੁਤਾਬਕ ਗ੍ਰਿਫਤਾਰ ਯਾਤਰੀ ਨੂੰ 6 ਜਨਵਰੀ ਨੂੰ ਸ਼ਾਮ 5 ਵਜੇ ਫੜਿਆ ਗਿਆ ਸੀ। ਉਹ ਏਅਰ ਕੈਨੇਡਾ ਦੀ ਫਲਾਈਟ ਨੰਬਰ ਏਸੀ 051 'ਤੇ ਟੋਰਾਂਟੋ ਜਾਣ ਦੀ ਤਿਆਰੀ ਕਰ ਰਿਹਾ ਸੀ। ਹਾਲਾਂਕਿ ਇਸ ਦੌਰਾਨ ਕਸਟਮ ਅਧਿਕਾਰੀਆਂ ਨੂੰ ਯਾਤਰੀ 'ਤੇ ਸ਼ੱਕ ਹੋ ਗਿਆ। ਉਨ੍ਹਾਂ ਨੇ ਯਾਤਰੀ ਨੂੰ ਰੋਕ ਕੇ ਉਸ ਦੇ ਸਾਮਾਨ ਦੀ ਜਾਂਚ ਕੀਤੀ। ਜਾਂਚ ਦੌਰਾਨ ਯਾਤਰੀ ਦੇ ਬੈਗ ਵਿੱਚੋਂ ਕਰੀਮ ਰੰਗ ਦੇ ਕੱਪੜੇ ਵਿੱਚ ਲਪੇਟਿਆ ਸਿਰ ਮਿਲਿਆ। ਇਸ ਵਿੱਚ ਤਿੱਖੇ ਦੰਦ ਅਤੇ ਜਬਾੜੇ ਦਿਖਾਈ ਦੇ ਰਹੇ ਸਨ। ਜਿਸ ਦਾ ਵਜ਼ਨ ਕਰੀਬ 777 ਗ੍ਰਾਮ ਦੱਸਿਆ ਜਾ ਰਿਹਾ ਹੈ।
ਮਗਰਮੱਛ ਦੇ ਬੱਚੇ ਦੀ ਖੋਪੜੀ ਲੈ ਕੇ ਜਾ ਰਿਹਾ ਸੀ ਕੈਨੇਡਾ
ਬਰਾਮਦ ਹੋਈ ਖੋਪੜੀ ਦੀ ਦਿੱਲੀ ਸਰਕਾਰ ਦੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਜਾਂਚ ਕੀਤੀ ਗਈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਿਰ ਮਗਰਮੱਛ ਦੇ ਬੱਚੇ ਦਾ ਹੈ। ਪਰ ਇਸ ਦੀ ਨਸਲ ਕੀ ਹੈ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਖੋਪੜੀ ਨੂੰ ਸਹੀ ਪ੍ਰਜਾਤੀ ਦਾ ਪਤਾ ਲਗਾਉਣ ਲਈ ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ, ਦੇਹਰਾਦੂਨ ਨੂੰ ਭੇਜਿਆ ਗਿਆ ਹੈ।
ਜਾਂਚ 'ਚ ਜੁਟੀ ਕਸਟਮ ਟੀਮ
ਯਾਤਰੀ ਦੇ ਖਿਲਾਫ ਧਾਰਾ 132, 133, 135, 135ਏ ਅਤੇ 136 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਕਸਟਮ ਅਤੇ ਜੰਗਲੀ ਜੀਵ ਵਿਭਾਗ ਦੀ ਟੀਮ ਹੋਰ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਖੋਪੜੀ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਦਾ ਮਕਸਦ ਕੀ ਸੀ।
Canadian Passenger Arrested At Delhi s IGI Airport For Carrying Crocodile Skull To Canada In Cream colored Clothes