February 11, 2025

Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਤੋਂ ਪਰਤੇ ਨੌਜਵਾਨਾਂ ਦੀ ਸ਼ਿਕਾਇਤ 'ਤੇ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ 8 ਗੈਰ ਕਾਨੂੰਨੀ ਟਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸਿਆ ਹੈ। ਐਸਆਈਟੀ ਦੇ ਮੁਖੀ ਐਨਆਰਆਈ ਮਾਮਲਿਆਂ ਦੇ ਏਡੀਜੀਪੀ ਪ੍ਰਵੀਨ ਸਿਨਹਾ ਨੇ ਕਿਹਾ ਕਿ ਪੁਲਿਸ ਨੇ 8 ਗੈਰ ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ।
ਇਨ੍ਹਾਂ ਵਿਚੋਂ ਦੋ ਐਫਆਈਆਰ ਜ਼ਿਲ੍ਹਾ ਪੁਲਿਸ ਕੋਲ ਅਤੇ ਛੇ ਪੰਜਾਬ ਪੁਲਿਸ ਦੇ ਐਨਆਰਆਈ ਮਾਮਲੇ ਵਿੰਗ ਵਿਚ ਦਰਜ ਕੀਤੀਆਂ ਗਈਆਂ ਹਨ। ਏਡੀਜੀਪੀ ਪ੍ਰਵੀਨ ਸਿਨਹਾ ਨੇ ਕਿਹਾ ਕਿ ਸੂਬੇ ਦੇ ਭੋਲੇ ਭਾਲੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਧੋਖੇਬਾਜ਼ ਇਮੀਗ੍ਰੇਸ਼ਨ ਸਲਾਹਕਾਰਾਂ 'ਤੇ ਸ਼ਿਕੰਜਾ ਕੱਸਦਿਆਂ ਪੰਜਾਬ ਪੁਲਿਸ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਇਸ ਖੇਤਰ ਵਿੱਚ ਚੱਲ ਰਹੇ ਬਹੁ-ਰਾਸ਼ਟਰੀ ਮਨੁੱਖੀ ਤਸਕਰੀ ਦੇ ਨੈੱਟਵਰਕ ਨੂੰ ਨੱਥ ਪਾਉਣ ਲਈ ਸਖ਼ਤ ਕਾਰਵਾਈ ਸ਼ੁਰੂ ਕੀਤੀ ਹੈ।
ਇਹ ਕਾਰਵਾਈ ਉਨ੍ਹਾਂ ਭਾਰਤੀ ਨਾਗਰਿਕਾਂ ਨਾਲ ਸਬੰਧਤ ਹੈ ਜਿਨ੍ਹਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ ਅਤੇ ਅੰਮ੍ਰਿਤਸਰ ਪਹੁੰਚੇ ਸਨ। ਪੰਜਾਬ ਪੁਲਿਸ ਨੇ ਉਨ੍ਹਾਂ ਟਰੈਵਲ ਏਜੰਟਾਂ ਖ਼ਿਲਾਫ਼ ਬਿਆਨ ਦਰਜ ਕੀਤੇ ਹਨ, ਜਿਨ੍ਹਾਂ ਨੇ ਅਮਰੀਕਾ ਵਿਚ ਗ਼ੈਰ-ਕਾਨੂੰਨੀ ਦਾਖ਼ਲੇ ਦੇ ਝੂਠੇ ਵਾਅਦੇ ਕਰਕੇ ਉਨ੍ਹਾਂ ਨੂੰ ਠੱਗਿਆ ਸੀ। ਪੰਜਾਬ ਪੁਲਿਸ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਜਾਂ ਅਜਿਹੀ ਕਿਸੇ ਵੀ ਧੋਖਾਧੜੀ ਦੀ ਸੂਚਨਾ ਅਧਿਕਾਰੀਆਂ ਨੂੰ ਦੇਣ ਦੀ ਅਪੀਲ ਕੀਤੀ ਹੈ।
Illegal Immigrants Case Registered Against Eight Illegal Travel Agents Action Taken On Complaint Of Deported Youth SIT Investigating
