February 13, 2025

Admin / National
ਲਾਈਵ ਪੰਜਾਬੀ ਟੀਵੀ ਬਿਊਰੋ : 50 ਰੁਪਏ ਦੇ ਨੋਟ ਨੂੰ ਲੈ ਕੇ ਵੱਡਾ ਅਪਡੇਟ ਆਇਆ ਹੈ। ਜਲਦੀ ਹੀ 50 ਰੁਪਏ ਦਾ ਨਵਾਂ ਨੋਟ ਬਾਜ਼ਾਰ 'ਚ ਦੇਖਣ ਨੂੰ ਮਿਲੇਗਾ। ਦਰਅਸਲ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੁੱਧਵਾਰ (12 ਫਰਵਰੀ) ਨੂੰ ਕਿਹਾ ਕਿ ਉਹ ਜਲਦੀ ਹੀ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਵਾਲੇ 50 ਰੁਪਏ ਦੇ ਨਵੇਂ ਨੋਟ ਜਾਰੀ ਕਰੇਗਾ।
ਮਲਹੋਤਰਾ ਨੇ ਦਸੰਬਰ 2024 ਵਿਚ ਸ਼ਕਤੀਕਾਂਤ ਦਾਸ ਦੀ ਥਾਂ ਅਹੁਦਾ ਸੰਭਾਲਿਆ ਸੀ। ਆਰਬੀਆਈ ਨੇ ਇਕ ਬਿਆਨ ਵਿਚ ਕਿਹਾ ਕਿ ਇਨ੍ਹਾਂ ਨੋਟਾਂ ਦਾ ਡਿਜ਼ਾਈਨ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਦੇ 50 ਰੁਪਏ ਦੇ ਨੋਟਾਂ ਵਰਗਾ ਹੀ ਹੈ।
ਜਾਇਜ਼ ਕਰੰਸੀ ਬਣੇ ਰਹਿਣਗੇ 50 ਰੁਪਏ ਦੇ ਸਾਰੇ ਨੋਟ
ਭਾਰਤੀ ਰਿਜ਼ਰਵ ਬੈਂਕ ਦੁਆਰਾ ਪਹਿਲਾਂ ਜਾਰੀ ਕੀਤੇ 50 ਰੁਪਏ ਦੇ ਸਾਰੇ ਨੋਟ ਜਾਇਜ਼ ਕਰੰਸੀ ਵਜੋਂ ਜਾਰੀ ਰਹਿਣਗੇ।
50 ਰੁਪਏ ਦੇ ਮੌਜੂਦਾ ਨੋਟਾਂ ਬਾਰੇ ਜਾਣੋ
ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਦੇ 50 ਰੁਪਏ ਦੇ ਨੋਟ ਦਾ ਆਕਾਰ 66 ਮਿਲੀਮੀਟਰ x 135 ਮਿਲੀਮੀਟਰ ਹੈ ਅਤੇ ਇਸ ਦਾ ਬੇਸ ਕਲਰ ਫਲੋਰੋਸੈਂਟ ਨੀਲਾ ਹੈ। ਨੋਟ ਦੇ ਪਿੱਛੇ ਰੱਥ ਦੇ ਨਾਲ ਹੰਪੀ ਦੀ ਤਸਵੀਰ ਹੈ, ਜੋ ਦੇਸ਼ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ।
2000 ਰੁਪਏ ਦੇ 98.15 ਫੀਸਦੀ ਨੋਟ ਵਾਪਸ
ਦੱਸਣਯੋਗ ਹੈ ਕਿ ਦੇਸ਼ 'ਚ 2000 ਰੁਪਏ ਦੇ ਨੋਟਾਂ ਨੂੰ ਬੰਦ ਹੋਏ ਡੇਢ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਲੋਕ ਅਜੇ ਵੀ ਹਜ਼ਾਰਾਂ ਕਰੋੜ ਰੁਪਏ ਦੇ ਇਨ੍ਹਾਂ ਨੋਟਾਂ ਨੂੰ ਫੜੀ ਬੈਠੇ ਹਨ। ਹਾਲ ਹੀ ਵਿਚ ਆਰਬੀਆਈ ਨੇ ਇਨ੍ਹਾਂ ਬਾਰੇ ਅਪਡੇਟ ਜਾਰੀ ਕੀਤਾ ਸੀ। ਕੇਂਦਰੀ ਬੈਂਕ ਨੇ ਕਿਹਾ ਹੈ ਕਿ 31 ਜਨਵਰੀ 2025 ਤੱਕ 98.15 ਫੀਸਦੀ ਗੁਲਾਬੀ ਨੋਟ ਬੈਂਕਿੰਗ ਪ੍ਰਣਾਲੀ 'ਚ ਵਾਪਸ ਆ ਚੁੱਕੇ ਹਨ ਅਤੇ ਅਜੇ ਵੀ 6,577 ਕਰੋੜ ਰੁਪਏ ਦੇ ਅਜਿਹੇ ਨੋਟ ਅਜੇ ਵੀ ਲੋਕਾਂ ਕੋਲ ਬਚੇ ਹਨ। ਆਰਬੀਆਈ ਦੇ ਅੰਕੜਿਆਂ ਮੁਤਾਬਕ 31 ਦਸੰਬਰ ਤੱਕ 6,691 ਕਰੋੜ ਰੁਪਏ ਦੇ ਨੋਟ ਬਾਜ਼ਾਰ ਵਿੱਚ ਮੌਜੂਦ ਸਨ। ਦੱਸਣਯੋਗ ਹੈ ਕਿ ਕਲੀਨ ਨੋਟ ਪਾਲਿਸੀ ਦੇ ਤਹਿਤ ਸੈਂਟਰਲ ਬੈਂਕ ਨੇ 19 ਮਈ 2023 ਨੂੰ ਦੇਸ਼ 'ਚ ਚੱਲ ਰਹੇ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ।
Big Update Regarding Rs 50 Note RBI Will Issue New Note Governor Sanjay Malhotra Will Sign It
