January 14, 2026
Punjabਰਾਣਾ ਬਲਾਚੌਰੀਆ ਕਤਲ ਕਾਂਡ 'ਚ ਵੱਡਾ ਖੁਲਾਸਾ; SSP ਮੋਹਾਲੀ ਨੇ ਖੋਲ੍ਹੇ ਡੂੰਘੇ ਰਾਜ਼
Live Punjabi TV Bureau
ਮੋਹਾਲੀ, 14 ਜਨਵਰੀ: ਮਸ਼ਹੂਰ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਹਾਈ-ਪ੍ਰੋਫਾਈਲ ਕਤਲ ਕੇਸ ਵਿੱਚ ਮੋਹਾਲੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਪੱਛਮੀ ਬੰਗਾਲ ਤੋਂ ਦੋ ਖਤਰਨਾਕ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੋਹਾਲੀ ਦੇ ਐਸਐਸਪੀ (SSP) ਹਰਮਨਦੀਪ ਸਿੰਘ ਹੰਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਸਾਜ਼ਿਸ਼ ਤੋਂ ਪਰਦਾ ਚੁੱਕਦਿਆਂ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ।
ਐਸਐਸਪੀ ਹੰਸ ਨੇ ਦੱਸਿਆ ਕਿ ਇਹ ਕਤਲ ਕੋਈ ਅਚਾਨਕ ਹੋਈ ਘਟਨਾ ਨਹੀਂ ਸੀ, ਸਗੋਂ ਪਿਛਲੇ ਦੋ ਮਹੀਨਿਆਂ ਤੋਂ ਇਸਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਸ਼ੂਟਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਖਰੜ ਇਲਾਕੇ ਵਿੱਚ ਕਿਰਾਏ 'ਤੇ ਕਮਰਾ ਲਿਆ ਹੋਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮਾਂ ਨੇ ਪਹਿਲਾਂ ਵੀ ਇੱਕ-ਦੋ ਟੂਰਨਾਮੈਂਟਾਂ ਦੌਰਾਨ ਰਾਣਾ ਬਲਾਚੌਰੀਆ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਕਿਸੇ ਕਾਰਨ ਉਹ ਸਫਲ ਨਹੀਂ ਹੋ ਸਕੇ ਸਨ।
ਡੋਨੀ ਬੱਲ ਗੈਂਗ ਦਾ ਹੱਥ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਕਤਲ ਦੀ ਪੂਰੀ ਸਾਜ਼ਿਸ਼ ਗੈਂਗਸਟਰ ਡੋਨੀ ਬੱਲ ਨੇ ਰਚੀ ਸੀ, ਜਿਸ ਨੂੰ ਜ਼ਮੀਨੀ ਪੱਧਰ 'ਤੇ ਐਸ਼ਦੀਪ ਸਿੰਘ ਅੰਜਾਮ ਦੇ ਰਿਹਾ ਸੀ। ਸ਼ੂਟਰਾਂ ਨੂੰ ਸਮੇਂ-ਸਮੇਂ 'ਤੇ ਪੈਸਿਆਂ ਦੀ ਅਦਾਇਗੀ ਵੀ ਕੀਤੀ ਜਾਂਦੀ ਰਹੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕਰਨ ਪਾਠਕ, ਤਰਨਦੀਪ ਸਿੰਘ ਅਤੇ ਸੁਖਸ਼ੇਰਪਾਲ ਸਿੰਘ ਆਕਾਸ਼ ਵਜੋਂ ਹੋਈ ਹੈ, ਜਦਕਿ ਇੱਕ ਸਾਥੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਇਸ ਕਤਲ ਲਈ ਕੁੱਲ ਕਿੰਨੀ ਰਕਮ (Payment) ਦਿੱਤੀ ਗਈ ਸੀ।
ਸੈਲਫੀ ਦੇ ਬਹਾਨੇ ਮਾਰੀ ਸੀ ਗੋਲੀ
ਜ਼ਿਕਰਯੋਗ ਹੈ ਕਿ 15 ਦਸੰਬਰ 2025 ਨੂੰ ਸੋਹਾਣਾ ਵਿਖੇ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਬਾਈਕ ਸਵਾਰ ਹਮਲਾਵਰਾਂ ਨੇ ਸੈਲਫੀ ਲੈਣ ਦੇ ਬਹਾਨੇ ਰਾਣਾ ਬਲਾਚੌਰੀਆ ਨੂੰ ਰੋਕਿਆ ਅਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ 5 ਮੁਲਜ਼ਮ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
ਇੱਕ ਸ਼ੂਟਰ ਦਾ ਹੋ ਚੁੱਕਾ ਹੈ ਐਨਕਾਊਂਟਰ
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਹੀ ਮੋਹਾਲੀ ਪੁਲਿਸ ਨੇ ਲਾਲੜੂ ਇਲਾਕੇ ਵਿੱਚ ਇਸ ਕੇਸ ਦੇ ਇੱਕ ਮੁੱਖ ਸ਼ੱਕੀ ਸ਼ੂਟਰ ਹਰਪਿੰਦਰ ਉਰਫ਼ ਮਿੱਡੂ (ਤਰਨਤਾਰਨ) ਦਾ ਐਨਕਾਊਂਟਰ ਕੀਤਾ ਸੀ। ਪੁਲਿਸ ਮੁਕਾਬਲੇ ਦੌਰਾਨ ਜ਼ਖਮੀ ਹੋਏ ਮਿੱਡੂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲਿਸ ਹੁਣ ਫੜੇ ਗਏ ਸ਼ੂਟਰਾਂ ਨੂੰ ਰਿਮਾਂਡ 'ਤੇ ਲੈ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕਰੇਗੀ।
Big Revelation In Rana Balachauria Murder Case SSP Mohali Reveals Deep Secrets