November 2, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਬੀਤੀ ਰਾਤ ਪਟਾਕੇ ਚਲਾਉਣ ਨਾਲ ਪੰਜਾਬ ਵਿਚ ਹਵਾ ਦੀ ਗੁਣਵੱਤਾ ਵਿਗੜ ਗਈ ਹੈ। ਪੰਜਾਬ ਦਾ ਅੰਮ੍ਰਿਤਸਰ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਪਹੁੰਚ ਗਿਆ ਹੈ। ਸ਼ੁੱਕਰਵਾਰ ਰਾਤ ਨੂੰ ਹੋਈ ਆਤਿਸ਼ਬਾਜ਼ੀ ਤੋਂ ਬਾਅਦ ਅੰਮ੍ਰਿਤਸਰ ਦਾ ਏਕਿਊਆਈ ਜੀਆਰਏਪੀ-3 ਸ਼੍ਰੇਣੀ ਵਿਚ ਆ ਗਿਆ ਹੈ। ਇਹ ਦਿੱਲੀ ਦੇ ਪ੍ਰਦੂਸ਼ਣ ਪੱਧਰ ਦੇ ਬਰਾਬਰ ਹੈ। ਚੰਡੀਗੜ੍ਹ ਵੀ GRAP-3 ਸ਼੍ਰੇਣੀ ਤੋਂ ਸਿਰਫ਼ 3 AQI ਦੂਰ ਹੈ। ਚੰਡੀਗੜ੍ਹ ਦਾ ਸਵੇਰੇ ਔਸਤ AQI 297 ਦਰਜ ਕੀਤਾ ਗਿਆ, ਜਦੋਂ ਕਿ ਅੰਮ੍ਰਿਤਸਰ ਦਾ AQI 339 ਸੀ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਅੰਮ੍ਰਿਤਸਰ ਦਾ AQI ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ।
ਕੱਲ੍ਹ ਸ਼ਾਮ 4 ਵਜੇ ਵੀ ਔਸਤ AQI 350 ਦਰਜ ਕੀਤਾ ਗਿਆ ਸੀ। ਜੇਕਰ ਜਲਦੀ ਹੀ ਇਸ ਵਿਚ ਕਮੀ ਨਾ ਆਈ ਤਾਂ ਸਰਕਾਰ ਨੂੰ ਅੰਮ੍ਰਿਤਸਰ ਵਿੱਚ GRAP-3 ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰਨਾ ਪਵੇਗਾ। ਇਸ ਦੇ ਨਾਲ ਹੀ ਚੰਡੀਗੜ੍ਹ 'ਚ ਬੀਤੀ ਸ਼ਾਮ ਪ੍ਰਦੂਸ਼ਣ ਦਾ ਪੱਧਰ 302 AQI ਸੀ ਪਰ ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਕੁਝ ਰਾਹਤ ਜ਼ਰੂਰ ਮਿਲੀ ਹੈ, ਪਰ ਇਹ ਅਸਥਾਈ ਹੈ।
ਉਥੇ ਹੀ ਸਵੇਰੇ 7 ਵਜੇ ਬਠਿੰਡਾ ਵਿਚ AQI 131, ਜਲੰਧਰ ਵਿਚ 225, ਖੰਨਾ ਵਿਚ 220, ਲੁਧਿਆਣਾ ਵਿਚ 266, ਮੰਡੀ ਗੋਬਿੰਦਗੜ੍ਹ ਵਿਚ 236 ਅਤੇ ਪਟਿਆਲਾ ਵਿਚ 231 ਸੀ। ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਅੰਮ੍ਰਿਤਸਰ ਲਾਲ ਸ਼੍ਰੇਣੀ ਵਿਚ ਹੈ ਅਤੇ ਪੰਜਾਬ ਦੇ ਜ਼ਿਆਦਾਤਰ ਸ਼ਹਿਰ ਸੰਤਰੀ ਸ਼੍ਰੇਣੀ ਵਿਚ ਹਨ।
ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ
ਜੇਕਰ ਪੰਜਾਬ ਤੇ ਚੰਡੀਗੜ੍ਹ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਇਹ ਅਜੇ ਵੀ ਆਮ ਨਾਲੋਂ ਉਪਰ ਹੈ। ਪੰਜਾਬ ਵਿਚ ਇਹ 2.1 ਡਿਗਰੀ ਅਤੇ ਚੰਡੀਗੜ੍ਹ ਵਿਚ 3.3 ਡਿਗਰੀ ਵੱਧ ਹੈ, ਪਰ ਆਈਐਮਡੀ ਅਨੁਸਾਰ ਇਹ ਜਲਦੀ ਹੀ ਆਮ ਹੋ ਜਾਵੇਗਾ। ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਹਵਾਵਾਂ ਦੀ ਰਫ਼ਤਾਰ ਕਾਫ਼ੀ ਚੰਗੀ ਹੈ। ਅਜਿਹੇ 'ਚ ਤਾਪਮਾਨ ਹੌਲੀ-ਹੌਲੀ ਡਿੱਗਣਾ ਸ਼ੁਰੂ ਹੋ ਜਾਵੇਗਾ ਅਤੇ ਠੰਢ ਵਧਣੀ ਸ਼ੁਰੂ ਹੋ ਜਾਵੇਗੀ। ਪਰ ਇਹ ਇਕ ਖੁਸ਼ਕ ਠੰਢ ਹੋਣ ਵਾਲੀ ਹੈ ਕਿਉਂਕਿ ਆਉਣ ਵਾਲੇ ਪੂਰੇ ਹਫ਼ਤੇ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
Amritsar Among The Most Polluted Cities In The Country